ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਦੇਣ ਦੀ ਲੋੜ, ਸਾਬਕਾ ਮੁੱਖ ਮੰਤਰੀ Parkash Badal ਨੇ ਸਿਆਸੀ ਸਥਿਤੀ ਬਾਰੇ ਕੀਤੀ ਡੂੰਘੀ ਵਿਚਾਰ ਚਰਚਾ
ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਦਾ ਮਤਲਬ ਹੈ ਕਿ ਜੋ ਵਾਅਦਾ ਕੀਤਾ ਹੈ, ਉਸ ’ਤੇ ਪੂਰੇ ਉਤਰਨਾ। ਹੁਣ ਤਾਂ ਵਾਅਦਿਆਂ ਜ਼ਰੀਏ ਅੱਖਾਂ ਵਿਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਦੇਣ ਦੀ ਲੋੜ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਨੇ ਸ਼ਨਿੱਚਰਵਾਰ ਨੂੰ ਇਲਾਕੇ ਵਿਚ ਲੋਕਾਂ ਵੱਲੋਂ ਕਰਵਾਏ ਸਮਾਗਮਾਂ ਵਿਚ ਹਿੱਸਾ ਲਿਆ। ਇਸ ਦੌਰਾਨ ਸਾਬਕਾ ਵਿਧਾਇਕ ਤੇ 2022 ਲਈ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਤੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦਾਅਵੇ ਕੀਤੇ ਜਾ ਰਹੇ ਹਨ ਕਿ ਇੰਨੇ ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਜਦਕਿ ਪੱਕਾ ਹੋਣ ਵਾਲੇ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਸਰਕਾਰ ਨੇ ਨਰਮੇ ਦੀ ਬਰਬਾਦ ਫ਼ਸਲ ਦਾ ਵੀ ਸਹੀ ਮੁਆਵਜ਼ਾ ਨਹੀਂ ਦਿੱਤਾ। ਜਿੰਨੀ ਤਬਾਹੀ ਹੋਈ ਹੈ, ਉਸ ਮੁਤਾਬਕ ਕਿਸਾਨਾਂ ਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਪੱਖੋਂ ਨਾਕਾਮ ਹੋਈ ਹੈ। ਕਾਂਗਰਸ ਦਾ ਇਤਿਹਾਸ ਹੀ ਭੈੜਾ ਹੈ। ਇਸ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ, ਇਹੀ ਨਹੀਂ ਧਾਰਮਕ, ਆਰਥਕ ਤੇ ਸਿਆਸੀ ਤੌਰ ’ਤੇ ਸੂਬੇ ਦਾ ਨੁਕਸਾਨ ਕੀਤਾ ਹੈ।