ਪੰਜਾਬ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਤੰਬਾਕੂ ਦੀ ਵਰਤੋਂ ਵਾਲੇ ਸੂਬੇ ਵੱਜੋਂ ਰਜਿਸਟਰਡ
Punjab made history, registered as the state with the least tobacco use
ਤੰਬਾਕੂ ਦੇ ਸੇਵਨ ਦੀ ਸਮੱਸਿਆ ਦੇ ਖ਼ਾਤਮੇ ਲਈ ਇਤਿਹਾਸ ਰਚਦਿਆਂ ਪੰਜਾਬ ਨੇ ਕੌਮੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-5) ਦੇ ਤਾਜ਼ਾ ਅੰਕੜਿਆਂ ਅਨੁਸਾਰ ਤੰਬਾਕੂ ਦੀ ਸਭ ਤੋਂ ਘੱਟ ਵਰਤੋਂ ਵਾਲੇ ਸਥਾਨ ਦਾ ਦਰਜਾ ਹਾਸਲ ਕਰ ਕੇ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇੱਥੇ ਇਹ ਪ੍ਰਗਟਾਵਾ ਕਰਦਿਆਂ ਉਪ ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦਾ ਚਾਰਜ ਵੀ ਹੈ, ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਬਾਲਗਾਂ ਵਿਚ ਮੌਤ ਦਰ ਦਾ ਵੱਡਾ ਕਾਰਣ ਬਣੀ ਹੋਈ ਹੈ। ਖ਼ਾਸ ਕਰ ਕੇ ਭਾਰਤ ਵਰਗੇ ਦੇਸ਼ਾਂ ਵਿਚ, ਜਿੱਥੇ ਤੰਬਾਕੂ ਨਾਲ ਸਬੰਧਿਤ ਬੀਮਾਰੀਆਂ ਅਤੇ ਮੌਤਾਂ ਦੀ ਦਰ ਬਹੁਤ ਜ਼ਿਆਦਾ ਹੈ
ਭਾਰਤ ਵਿਚ ਹਰ ਸਾਲ 10 ਲੱਖ ਤੋਂ ਵੱਧ ਬਾਲਗ ਤੰਬਾਕੂ ਦੀ ਵਰਤੋਂ ਕਾਰਨ ਮਰਦੇ ਹਨ, ਜੋ ਕੁੱਲ ਮੌਤਾਂ ਦਾ 9.5 ਫ਼ੀਸਦੀ ਬਣਦਾ ਹੈ। ਭਾਰਤ ਨੂੰ ਤੰਬਾਕੂਨੋਸ਼ੀ ਅਤੇ ਧੂੰਆਂ ਰਹਿਤ ਤੰਬਾਕੂ ਦੇ ਰੂਪ ਵਿਚ ਤੰਬਾਕੂ ਦੀ ਵਰਤੋਂ ਦੀ ਦੋਹਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਨੀ ਨੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਵੱਲੋਂ ਤੰਬਾਕੂ ਦੀ ਵਰਤੋਂ ਦੀ ਲਾਹਣਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸਾਰਥਿਕ ਸਿੱਧ ਹੋ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕੌਮੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-5) ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿਚ ਤੰਬਾਕੂ ਦੀ ਵਰਤੋਂ ਹੁਣ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਭ ਤੋਂ ਘੱਟ ਹੈ
ਪੰਜਾਬ ਵਿਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਵਿਚ ਤੰਬਾਕੂ ਦੀ ਵਰਤੋਂ ਪਿਛਲੇ ਪੰਜ ਸਾਲਾਂ ਵਿਚ 19.2 ਫ਼ੀਸਦੀ (ਐੱਨ. ਐੱਫ. ਐੱਚ. ਐੱਸ.-4) ਤੋਂ ਘਟ ਕੇ 12.9 ਫ਼ੀਸਦੀ (ਐੱਨ. ਐੱਫ. ਐੱਚ. ਐੱਸ.-5) ਰਹਿ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿਚ 15 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਸਿਰਫ 0.6 ਫ਼ੀਸਦ ਤੰਬਾਕੂ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਪੰਜਾਬ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚੋਂ ਸਿਖ਼ਰ ’ਤੇ ਹੈ। ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰਾਜ ਤੰਬਾਕੂ ਕੰਟਰੋਲ ਸੈੱਲ, ਪੰਜਾਬ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਪਿਛਲੇ 10 ਮਹੀਨਿਆਂ ਵਿਚ ਕੋਟਪਾ-2003 ਤਹਿਤ ਕੁੱਲ 5541 ਚਲਾਨ ਕੀਤੇ ਗਏ ਹਨ।
ਸਾਰੇ ਜ਼ਿਲ੍ਹਿਆਂ ਵਿਚ ਤੰਬਾਕੂ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਨੂੰ ਤੰਬਾਕੂ ਛੱਡਣ ਲਈ ਮੁਫ਼ਤ ਕਾਊਂਸਲਿੰਗ ਅਤੇ ਬੁਪਰੋਪੀਅਨ, ਨਿਕੋਟੀਨ ਗਮ ਅਤੇ ਪੈਚਿਸ ਵਰਗੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕੇਂਦਰਾਂ (ਅਪ੍ਰੈਲ-ਅਕਤੂਬਰ 2021) ਤੋਂ 7307 ਤੰਬਾਕੂ ਉਪਭੋਗਤਾਵਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਸੂਬੇ ਦੇ 800 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਹੈ