ਪਿੰਡ ਭੁੱਲਰ ਵਾਸੀਆਂ ਨੇ 6 ਨੌਜਵਾਨਾਂ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ : Muktsar News
ਪਿੰਡ ਭੁੱਲਰ ਵਿਖੇ ਨਸ਼ਾ ਵੇਚਣ ਨੂੰ ਲੈ ਕੇ ਪਿੰਡ ਵਾਲਿਆਂ ਵੱਲੋਂ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨਾਂ੍ਹ ਨੂੰ ਬਾਅਦ ‘ਚ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਨੌਜਵਾਨ ਦੀ ਮੱਦਦ ਨਾਲ ਕੁਝ ਵਿਅਕਤੀ ਪਿੰਡ ਭੁੱਲਰ ਵਿਖੇ ਚਿੱਟੇ ਦਾ ਕਾਰੋਬਾਰ ਪਿਛਲੇ ਕਰੀਬ 2 ਸਾਲ ਤੋਂ ਕਰ ਰਹੇ ਹਨ। ਉਕਤ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਕਈ ਵਾਰ ਰੋਕਿਆ ਪਰ ਬਾਵਜੂਦ ਇਸਦੇ ਨਾ ਹਟੇ ਤਾਂ ਮੰਗਲਵਾਰ ਦੀ ਸਵੇਰ ਪਿੰਡ ਵਾਸੀਆਂ ਨੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਪਾਸੋਂ ਇੱਕ ਦੇਸੀ ਪਿਸਤੌਲ, ਕਾਰਤੂਸ, ਕਿਰਚ, ਕਰਪਾਨਾਂ ਤੇ ਹੋਰ ਵੀ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਹੈ।
ਉਨਾਂ੍ਹ ਜ਼ਿਲ੍ਹਾ ਪੁਲਿਸ ਦੇ ਕੁਝ ਕਮਚਾਰੀਆਂ ‘ਤੇ ਇਹ ਵੀ ਕਥਿਤ ਦੋਸ਼ ਲਗਾਏ ਹਨ ਕਿ ਉਨਾਂ੍ਹ ਦੀ ਸ਼ਹਿ ‘ਤੇ ਇਹ ਨਸ਼ੇ ਦਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਉਨਾਂ੍ਹ ਦੱਸਿਆ ਕਿ ਮਾਮਲੇ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਰੀਬ 2-3 ਘੰਟੇ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿਨਾਂ੍ਹ ਨੇ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਦੇ ਨੌਜਵਾਨ ਇਸ ਚਿੱਟੇ ਤੋਂ ਨਿਜ਼ਾਤ ਪਾ ਸਕਣ।
ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਨਾਂ੍ਹ ਦੇ ਅਧਾਰ ‘ਤੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।