ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਸੋਸ਼ਣ ਕਰਨ ਦੇ ਮਾਮਲੇ ’ਚ 2 ਲੈਕਚਰਾਰ ਬਰਖਾਸਤ, ਜਾਣੋ- ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀ ਕਿਹਾ : Muktsar
ਇੰਟਲਨਲ ਅਸੈਸਮੈਂਟ ਦੇ ਨੰਬਰ ਲਾਉਣ ਅਤੇ ਲੈਕਚਰ ਪੂਰੇ ਕਰਨ ਦੀ ਆੜ ’ਚ ਵਿਦਿਆਰਥਣਾਂ ਦਾ ਸਰੀਰਕ ਅਤੇ ਮਾਨਸਿਕ ਸੋਸ਼ਣ ਕੀਤੇ ਜਾਣ ਦੇ ਦੋਸ਼ ’ਚ ਡਾਇਟ ਬਰਕੰਦੀ ਸ੍ਰੀ ਮੁਕਤਸਰ ਸਾਹਿਬ ਦੇ 2 ਲੈਕਚਰਾਰਾਂ ਨੂੰ ਸਿੱਖਿਆ ਵਿਭਾਗ ਵੱਲੋਂ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਲੈਕਚਰਾਰ ਤੇ ਲੈਕਚਰਾਰ ਲਖਵੰਤ ਸਿੰਘ ਡਾਇਟ ਬਰਕੰਦੀ ਵਿਰੁੱਧ ਵਿਭਾਗ ਦੇ ਪੱਤਰ ਨੰਬਰ 2\165-18ਅ (6) ਮਿਤੀ 26-10-2018 ਰਾਹੀਂ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਾਲੀ 1970 ਦੇ ਨਿਯਮ 8 ਅਧੀਨ ਦੋਸ਼ ਸੂਚੀ ਦਰਜ਼ ਕੀਤੀ ਗਈ ਸੀ ਕਿ ਪਰਮਿੰਦਰ ਸਿੰਘ ਤੇ ਲਖਵੰਤ ਸਿੰਘ ਵੱਲੋਂ ਰੀ.ਐਲ. ਐਂਡ ਸੈਸ਼ਨ 2015-2017 ਦੀਆਂ ਵਿਦਿਆਰਥਣਾਂ ਦਾ ਇੰਟਲਨਲ ਅਸੈਸਮੈਂਟ ਦੇ ਨੰਬਰ ਲਗਾਉਣ ਅਤੇ ਲੈਕਚਰ ਪੂਰੇ ਕਰਨ ਦੀ ਆੜ ਵਿੱਚ ਸਰੀਰਕ ਅਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ।
ਇਸ ਮਾਮਲੇ ’ਚ ਪਰਮਿੰਦਰ ਸਿੰਘ ਤੇ ਲਖਵੰਤ ਸਿੰਘ ਵੱਲੋਂ ਆਪਣੇ ਵਿਰੁੱਧ ਜਾਰੀ ਉਕਤ ਦੋਸ਼ ਸੂਚੀ ਦਾ ਭੇਜਿਆ ਗਿਆ ਉੱਤਰ ਵਿਚਾਰਨ ਉਪਰੰਤ ਮਾਮਲੇ ਦੀ ਰੈਗੂਲਰ ਪੜਤਾਲ ਕਰਵਾਉਣ ਲਈ ਕਿਹਾ ਗਿਆ ਸੀ। ਜਿਸ ‘ਤੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਾਲੀ1970 ਦੇ ਨਿਯਮ 8 (2) ਅਧੀਨ ਸ੍ਰੀ ਬੀ.ਬੀ. ਗੁਪਤਾ (ਰਿਟਾ. ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ) ਨੂੰ ਸਰਕਾਰ ਦੇ ਹੁਕਮ ਨੰ. 4\177\18-4ਸਿ4\1498866 ਮਿਤੀ 11-06-2019 ਰਾਹੀਂ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫ਼ਸਰ ਵੱਲੋਂ ਆਪਣੀ ਰਿਪੋਰਟ ਪੱਤਰ ਮਿਤੀ 28-01-2020 ਨੂੰ ਸਰਕਾਰ ਨੂੰ ਭੇਜੀ ਗਈ ਜਿਸ ਰਾਹੀਂ ਉਸ ਵੱਲੋਂ ਕਰਮਚਾਰੀਆਂ ਵਿਰੁੱਧ ਦਰਜ਼ ਦੋਸ਼ਾਂ ਨੂੰ ਸਿੱਧ ਕੀਤਾ ਗਿਆ।
ਇਸ ਪੂਰੇ ਮਾਮਲੇ ਨੂੰ ਵਿਚਾਰਨ ਉਪਰੰਤ ਇਸ ਕੇਸ ਵਿੱਚ ਪ੍ਰਾਪਤ ਵੱਖ-ਵੱਖ ਰਿਪੋਰਟਾਂ ਨੂੰ ਘੋਖਣ ਉਪਰੰਤ ਕਰਮਚਾਰੀਆਂ ਅਤੇ ਇਸ ਮਾਮਲੇ ਨਾਲ ਸਬੰਧਿਤ ਹੋਰਨਾਂ ਅਧਿਕਾਰੀਆਂ\ਕਰਮਚਾਰੀਆਂ (ਰਮੇਸ਼ ਕੁਮਾਰ ਪ੍ਰਿੰਸੀਪਲ, ਤੇ ਅਸ਼ੋਕ ਕੁਮਾਰ ਲੈਕਚਰਾਰ) ਨੂੰ ਵੀਡੀਓ ਕਾਨਫਰੰਸ ਰਾਹੀਂ ਮਿਤੀ 18-11-2021 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਨਿੱਜੀ ਸੁਣਵਾਈ ਦੌਰਾਨ ਕਰਮਚਾਰੀ ਅਤੇ ਹੋਰਨਾਂ ਸਬੰਧਿਤ ਵੱਲੋਂ ਅਜਿਹੀ ਕੋਈ ਦਲੀਲ ਨਹੀਂ ਦਿੱਤੀ ਗਈ ਜਿਸਨੂੰ ਕੇਸ ਦੀ ਰੈਗੂਲਰ ਪੜਤਾਲ ਦੌਰਾਨ ਨਾ ਵਿਚਾਰਿਆ ਗਿਆ ਹੋਵੇ। ਮਾਮਲੇ ਨੂੰ ਗਹੁ ਨਾਲ ਵਿਚਾਰਨ ਤੋਂ ਬਾਅਦ ਪੜਤਾਲੀ ਰਿਪੋਰਟ ’ਤੇ ਸਹਿਮਤੀ ਪ੍ਰਗਟ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਪਰਮਿੰਦਰ ਸਿੰਘ ਲੈਕਚਰਾਰ ਤੇ ਲਖਵੰਤ ਸਿੰਘ ਲੈਕਚਰਾਰ ਡਾਇਟ ਬਰਕੰਦੀ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਓਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਤੇ ਲੈਕਚਰਾਰ ਲਖਵੰਤ ਸਿੰਘ ਦੀ ਬਰਖਾਸਤੀ ਦੇ ਆਰਡਰ ਮਿਲ ਗਏ ਹਨ ਤੇ ਆਰਡਰਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
Sri Muktsar Sahib Online News Portal,Latest Punjabi News,Punjab News,Muktsar News,Malout News,Gidderbaha News