Muktsar ਸਾਇਬਰ ਕ੍ਰਾਇਮ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 02 ਦਸੰਬਰ ( ਮਨਪ੍ਰੀਤ ਮੋਨੂੰ ) ਵਿਗਿਆਨਕ ਤਰੱਕੀ ਕਾਰਨ ਮੋਬਾਇਲ, ਇੰਟਰਨੈੱਟ ਅਤੇ ਸ਼ੋਸਲ ਮੀਡੀਆ ਦੀ ਵਰਤੋਂ ਬੇਹੱਦ ਆਮ ਹੋ ਗਈ ਹੈ | ਸਿੱਖਿਆ, ਵਿਗਿਆਨ ਤੇ ਵਪਾਰ ਸਮੇਤ ਸਮਾਜ ਦੇ ਸਾਰੇ ਵਰਗਾਂ ਸਹਿਤ ਸਰਕਾਰੇ ਦਰਬਾਰੇ ਇਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ |
ਇਹਨਾਂ ਖੇਤਰਾਂ ਵਿੱਚ ਇਸ ਦੀ ਵਰਤੋਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ | ਪਰੰਤੂ ਕਈ ਵਾਰ ਕੁਝ ਸਮਾਜ ਵਿਰੋਧੀ ਅਨਸਰਾਂ ਅਤੇ ਬਲੈਕਮੇਲਿੰਗ ਕਰਨ ਵਾਲੇ ਗੈਂਗ ਇਸ ਟੈਕਨਾਲੋਜੀ ਦੀ ਦੁਰਵਰਤੋਂ ਵੀ ਕਰਦੇ ਹਨ | ਬਹੁਤ ਸਾਰੇ ਵਿਅਕਤੀ ਕਾਨੂੰਨੀ ਪ੍ਰਕਿਰਿਆ ਤੋਂ ਡਰਦੇ ਹੋਏ ਅਤੇ ਆਪਣੇ ਰੋਜ਼ਾਨਾ ਦੇ ਕੰਮ ਕਾਜ ਵਿਚ ਰੁਝੇ ਹੋਣ ਕਾਰਨ ਅਜਿਹੇ ਮਾਮਲਿਆਂ ਨੂੰ ਪੁਲਿਸ ਜਾਂ ਪ੍ਰਸ਼ਾਸਨ ਕੋਲ ਨਹੀਂ ਲਿਜਾਂਦੇ ਜਿਸ ਨਾਲ ਅਜਿਹੇ ਅਨਸਰਾਂ ਦਾ ਹੌਂਸਲਾ ਹੋਰ ਵੀ ਵਧ ਜਾਂਦਾ ਹੈ |
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਸ਼ੋਸਲ ਮੀਡੀਆ ਦੀ ਦੁਰਵਰਤੋਂ ਅਤੇ ਸਾਇਬਰ ਕ੍ਰਾਇਮ ਦੇ ਵਧਦੇ ਮਾਮਲਿਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਪ੍ਰਧਾਨ ਢੋਸੀਵਾਲ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ਹਿਰ ਦੇ ਕੁਝ ਧਾਰਮਿਕ ਵਿਅਕਤੀਆਂ, ਸਮਾਜਿਕ ਕਾਰਜਕਰਤਾਵਾਂ, ਵਕੀਲ ਅਤੇ ਅਧਿਆਪਕਾਂ, ਸੀਨੀਅਰ ਸਿਟੀਜਨ ਅਤੇ ਹੋਰ ਵਿਅਕਤੀਆਂ ਨੇ ਉਹਨਾਂ ਦੀ ਸੰਸਥਾ ਦੇ ਧਿਆਨ ਵਿਚ ਲਿਆਂਦਾ ਹੈ ਕਿ ਉਹਨਾਂ ਦੇ ਨਿੱਜੀ ਮੋਬਾਇਲ ਨੰਬਰਾਂ ‘ਤੇ ਕੁਝ ਅਣਜਾਣ ਨੰਬਰਾਂ ਤੋਂ ਅਸ਼ਲੀਲ ਮੈਸੇਜ ਅਤੇ ਫੋਟੋ ਭੇਜੇ ਜਾ ਰਹੇ ਹਨ |
ਇਹਨਾਂ ਮੈਸਜਾਂ ਅਤੇ ਫੋਟੋਆਂ ਦਾ ਉਨ੍ਹਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ | ਅਜਿਹੇ ਮੈਸੇਜਾਂ ਨਾਲ ਉਹਨਾਂ ਦੀ ਨਿੱਜੀ ਅਤੇ ਪਰਿਵਾਰਕ ਆਜ਼ਾਦੀ ਵਿਚ ਵਿਘਨ ਪੈਂਦਾ ਹੈ | ਐਨਾ ਹੀ ਨਹੀਂ ਕਈ ਵਾਰ ਉਨ੍ਹਾਂ ਦੇ ਫੋਨ ਘਰ ਦੀਆਂ ਔਰਤਾਂ, ਲੜਕੀਆਂ ਜਾਂ ਬੱਚਿਆਂ ਕੋਲ ਹੁੰਦੇ ਹਨ ਜਿਸ ਨਾਲ ਉਹਨਾ ‘ਤੇ ਬੁਰਾ ਅਸਰ ਪੈਂਦਾ ਹੈ | ਪ੍ਰਧਾਨ ਨੇ ਅੱਗੇ ਦੱਸਿਆ ਹੈ ਕਿ ਜਲਦੀ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਜ਼ਿਲੇ ਦੇ ਐੱਸ.ਐੱਸ.ਪੀ. ਨਾਲ ਮੁਲਾਕਾਤ ਕਰਕੇ ਮਾਮਲੇ ਦੀ ਗੰਭੀਰਤਾ ਅਤੇ ਲੋਕ ਹਿੱਤ ਨੂੰ ਮੁਖ ਰੱਖਦੇ ਹੋਏ ਅਜਿਹੇ ਮੈਸੇਜ ਭੇਜਣ ਵਾਲੇ ਨੰਬਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ | ਅਜਿਹੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਕਢਵਾ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇਗੀ |