ਬੱਸ ਅੱਡੇ ਤੋਂ ਕਾਲਜ ਜਾਣ ਲਈ ਖੱਜਲ ਖੁਆਰ ਹੁੰਦੇ ਵਿਦਿਆਰਥੀਆਂ ਨੇ ਲਾਇਆ ਜਾਮ
ਬੱਸ ਅੱਡੇ ਤੋਂ ਕਾਲਜ ਜਾਣ ਲਈ ਖੱਜਲ ਖੁਆਰ ਹੁੰਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਮੁਕਤਸਰ ਬੱਸ ਅੱਡੇ ਦੇ ਸਾਹਮਣੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਕੱਤਰ ਵਿਦਿਆਰਥੀਆ ਨੇ ਕਿਹਾ ਕਿ ਇੱਕ ਪਾਸੇ ਤਾਂ ਅੌਰਤਾਂ ਨੂੰ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਸਫਰ ਕਰਨਾ ਬਿੱਲਕੁੱਲ ਮੁਫ਼ਤ ਕੀਤਾ ਹੋਇਆ ਤੇ ਓਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਵਾਸੀਆਂ ਦੀਆਂ ਸਹੂਲਤਾਂ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਤੇ ਐਲਾਨ ਕਰ ਰਹੇ ਹਨ ਪਰ ਜੇਕਰ ਅਸਲੀਅਤ ‘ਚ ਨਜ਼ਰ ਮਾਰੀਏ ਤਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਲੜਕੀਆਂ ਤੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਰਦੇ ਹਨ।
ਵਿਦਿਆਰਥੀਆਂ ਨੇ ਦੱਸਿਆ ਕਿ ਸਵੇਰੇ 9:15 ‘ਤੇ ਪਹਿਲਾ ਲੈਕਚਰ ਸ਼ੁਰੂ ਹੁੰਦਾ ਹੈ, ਤੇ 8:30 ਵਜੇ ਰੋਡਵੇਜ਼ ਦੀ ਬੱਸ, ਬੱਸ ਅੱਡੇ ਤੋਂ ਚੱਲਦੀ ਹੈ ਪਰ ਉਹ 2 ਦਿਨ ਚੱਲਣ ਤੋਂ ਬਾਅਦ ਉਹ ਵੀ ਬੰਦ ਕਰ ਦਿੱਤੀ ਗਈ, ਜਦੋਂ ਅਸੀਂ ਪ੍ਰਰਾਈਵੇਟ ਬੱਸਾਂ ‘ਚ ਚੜ੍ਹਦੇ ਹਾਂ ਤਾਂ ਸਾਨੂੰ ਧੱਕੇ ਮਾਰੇ ਜਾਂਦੇ ਹਨ ਤੇ ਰੋਡਵੇਜ਼ ਵਿੱਚ ਸਾਨੂੰ 10 ਤੋਂ ਵੱਧ ਚੜ੍ਹਾਇਆ ਨਹੀਂ ਜਾਂਦਾ, ਜਿਸਦੇ ਰੋਸ ਵਜੋਂ ਅੱਜ ਸਮੂਹ ਵਿਦਿਆਰਥੀਆਂ ਨੇ ਰੋਡ ਜਾਮ ਕਰਕੇ ਇਹ ਮੰਗ ਕੀਤੀ ਹੈ ਕਿ ਬੱਸ ਸਟੈਂਡ ਤੋਂ ਕਾਲਜ ਤੱਕ ਉਨ੍ਹਾਂ ਦੇ ਜਾਣ ਆਉਣ ਲਈ ਵਿਸੇਸ਼ ਬੱਸ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਵੀ ਮੰਗ ਕੀਤੀ ਕਿ ਸਰਕਾਰੀ ਕਾਲਜ ਤੇ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਬਿਨਾਂ ਦਿੱਕਤ ਕਾਲਜ ਜਾ ਸਕੂਲ ਆ ਜਾ ਸਕਣ।
ਓਧਰ ਪੰਜਾਬ ਰੋਡਵੇਜ਼ ਡਿਪੂ ਸ੍ਰੀ ਮੁਕਤਸਰ ਸਾਹਿਬ ਦੇ ਜੀਐਮ ਰਣਜੀਤ ਸਿੰਘ ਬਾਂਗਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਮੁਸ਼ਕਿਲ ਦਾ ਹੱਲ ਕਰ ਦਿੱਤਾ ਗਿਆ, ਤੇ ਉਨਾਂ੍ਹ ਨੂੰ ਇਸ ਤਰਾਂ੍ਹ ਦੀ ਪੇ੍ਸ਼ਾਨੀ ਦੁਬਾਰਾ ਨਹੀਂ ਆਉਣ ਦਿੱਤੀ ਜਾਵੇਗੀ। ਜੀਐੱਮ ਦੇ ਵਿਸ਼ਵਾਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰ ਦਿੱਤਾ।