ਤਾਨਾਸ਼ਾਹੀ ਢੰਗ ਨਾਲ ਲੈਕਚਰਾਰਾਂ ਦੀ ਬਰਖਾਸਤਗੀ ਗੈਰ ਸੰਵਿਧਾਨਕ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 03 ਦਸੰਬਰ ( ਮਨਪ੍ਰੀਤ ਮੋਨੂੰ ) ਸਥਾਨਕ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ ਬਰਕੰਦੀ) ਦੇ ਕਈ ਸਾਲ ਪੁਰਾਣੇ ਮਾਮਲੇ ਵਿੱਚ ਉਸ ਵੇਲੇ ਦੇ ਦੋ ਲੈਕਚਰਾਰਾਂ ਨੂੰ ਰਾਜ ਕੇ ਸਿੱਖਿਆ ਸਕੱਤਰ ਵਲੋਂ ਪਿਛਲੇ ਦਿਨੀ ਬਰਖਾਸਤ ਕੀਤੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |
ਜਿਨਸੀ ਛੇੜਛਾੜ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਉਕਤ ਲੈਕਚਰਾਰ ਸਮਾਜ ਵਿੱਚ ਸ਼ਰੀਫ, ਨੇਕ ਦਿਲ ਤੇ ਇਮਾਨਦਾਰ ਵਿਅਕਤੀਆਂ ਵਾਲੀ ਦਿੱਖ ਰੱਖਦੇ ਹਨ | ਲੰਮੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਦੀ ਸਿੱਖਿਆ ਸਕੱਤਰ ਵੱਲੋਂ ਪਿਛਲੇ ਹਫਤੇ ਵੀਡੀਓ ਕਾਨਫਰੰਸ ਰਾਹੀਂ ਇਹਨਾਂ ਲੈਕਚਰਾਰਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ | ਪਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਿਆ ਸਕੱਤਰ ਵੱਲੋਂ ਇਸ ਨਿੱਜੀ ਸੁਣਵਾਈ ਲਈ ਕੇਵਲ ਅੱਧਾ ਮਿੰਟ ਹੀ ਦਿਤਾ ਗਿਆ | ਅੱਧੇ ਮਿੰਟ ਦੀ ਸੁਣਵਾਈ ਤੋਂ ਬਾਦ ਹੀ ਸਿੱਖਿਆ ਸਕੱਤਰ ਨੇ ਲੈਕਚਰਾਰਾਂ ਦੀ ਇਸ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿਤੇ |
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਸਿੱਖਿਆ ਸਕੱਤਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਲੈਕਚਰਾਰਾਂ ਦੀ ਬਰਖਾਸਤਗੀ ਨੂੰ ਗੈਰ ਸੰਵਿਧਾਨਕ ਕਰਾਰ ਦਿਤਾ ਹੈ | ਅੱਜ ਇਥੇ ਚੱਕ ਬੀੜ ਸਰਕਾਰ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਵਿਖੇ ਮਿਸ਼ਨ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਇਸ ਬਰਖਾਸਤਗੀ ਨੂੰ ਮਾਨਵ ਅਧਿਕਾਰਾਂ ਦੀ ਉਲੰਘਣਾ ਅਤੇ ਸਰਕਾਰੀ ਅਧਿਕਾਰਾਂ ਦੀ ਦੁਰਵਰਤੋਂ ਦੱਸਿਆ ਹੈ | ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਸ਼ਿਕਾਇਤ ਦਾ ਸਾਹਮਣਾ ਕਰਨ ਵਾਲੇ ਸਰਕਾਰੀ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਬਦਲੀ ਕੀਤੀ ਜਾਂਦੀ ਹੈ, ਸਾਲਾਨਾ ਤਰੱਕੀਆਂ ਬੰਦ ਕਰ ਦਿਤੀਆਂ ਜਾਂਦੀਆਂ ਹਨ, ਸਸਪੈਂਡ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਬਰਖਾਸਤ ਕੀਤਾ ਜਾਂਦਾ ਹੈ |
ਪਰੰਤੂ ਇਸ ਮਾਮਲੇ ਵਿਚ ਸਿਧੀ ਬਰਖਾਸਤੀ ਬਿਲਕੁਲ ਗਲਤ ਹੈ | ਪ੍ਰਧਾਨ ਢੋਸੀਵਾਲ ਨੇ ਰਾਜ ਦੇ ਮੁੱਖ ਮੰਤਰੀ ਸ੍ਰ. ਚੰਨੀ ਤੋਂ ਮੰਗ ਕੀਤੀ ਹੈ ਕਿ ਨੌਕਰੀ ਤੋਂ ਬਰਖਾਸਤ ਕੀਤੇ ਗਏ ਲੈਕਚਰਾਰ ਪਰਮਿੰਦਰ ਸਿੰਘ ਤੇ ਲਖਵੰਤ ਸਿੰਘ ਦੀ ਬਰਖਾਸਤੀ ਤੁਰੰਤ ਰੱਦ ਕਰਕੇ ਮਾਮਲੇ ਦੀ ਨਵੇਂ ਸਿਰੇ ਤੋਂ ਪੜਤਾਲ ਕਰਵਾਈ ਜਾਵੇ |