ਪੰਜਾਬ ‘ਚ ਸਖ਼ਤ ਸੁਰੱਖਿਆ ਵਿਚਕਾਰ ਡੇਰਾ ਪ੍ਰੇਮੀ ਦਾ ਅੰਤਿਮ ਸੰਸਕਾਰ, ਅਣਪਛਾਤੇ ਹਮਲਾਵਰਾਂ ਨੇ ਦੁਕਾਨ ‘ਚ ਮਾਰੀ ਸੀ ਗੋਲੀ
ਅਣਪਛਾਤੇ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡੇਰਾ ਪ੍ਰੇਮੀ ਚਰਨਦਾਸ ਦਾ ਸ਼ਨਿਚਰਵਾਰ ਦੁਪਹਿਰ ਪਿੰਡ ਭੂੰਦੜ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਿੰਡ ਵਿਚ ਸੱਤ ਥਾਵਾਂ ’ਤੇ ਨਾਕਾਬੰਦੀ ਕਰਕੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਹਤਿਆਤ ਵਜੋਂ ਡੇਰਿਆਂ ਦੇ ਆਲੇ-ਦੁਆਲੇ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਸਨ। ਦੱਸ ਦੇਈਏ ਕਿ ਪਿੰਡ ਭੂੰਦੜ ਵਿਖੇ ਬੀਤੀ ਰਾਤ ਇਕ ਡੇਰਾ ਪ੍ਰੇਮੀ ਦਾ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਿੰਡ ਭੂੰਦੜ ਨਿਵਾਸੀ ਚਰਨਦਾਸ ਤੇ ਉਸ ਦੀ ਭਰਜਾਈ ‘ਤੇ 2018 ‘ਚ ਬੇਅਦਬੀ ਦੇ ਦੋਸ਼ ਲੱਗੇ ਸਨ ਕਿ ਉਕਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੁੱਕੇ ਸਨ।
ਬੇਅਦਬੀ ਮਾਮਲੇ ‘ਚ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਚਰਨਦਾਸ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਚਰਨਦਾਸ ਪਿੰਡ ਵਿਚ ਹੀ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠਾ ਸੀ ਤੇ ਇਸ ਦੌਰਾਨ ਦੋ ਅਣਪਛਾਤੇ ਕੁਝ ਸਮਾਨ ਲੈਣ ਦੇ ਬਹਾਨੇ ਦੁਕਾਨ ਅੰਦਰ ਦਾਖਲ ਹੋ ਗਏ ਤੇ ਚਰਨਦਾਸ ਦੇ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਗੰਭੀਰ ਜ਼ਖ਼ਮੀ ਹਾਲਤ ਵਿਚ ਡੇਰਾ ਪ੍ਰੇਮੀ ਨੂੰ ਗਿਦੜਬਾਹਾ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਸੀ ਪਰ ਨਾਜ਼ੁਕ ਹਾਲਤ ਦੇ ਚਲਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਸੀ ਜਿੱਥੇ ਉਸ ਦੀ ਮੌਤ ਹੋ ਗਈ।
ਓਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 302 ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਓਧਰ ਪਿੰਡ ਭੂੰਦੜ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਚਰਨਦਾਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਫ਼ੋਰਸ ਦੀ ਮੌਜੂਦਗੀ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ।
Sri Muktsar Sahib Online News Portal,Latest Punjabi News,Muktsar News