ਜਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ : ਆਗੂ
ਪੰਜਾਬ ਰੋਡਵੇਜ਼/ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦੇ ਸੱਦੇ ‘ਤੇ ਅੱਜ ਮੁਕਤਸਰ ਬੱਸ ਅੱਡੇ ‘ਤੇੇ ਪਨਬਸ ਤੇ ਪੀਆਰਟੀਸੀ ਕਾਮਿਆਂ ਵੱਲੋਂ ਕੰਮ ਬੰਦ ਰੱਖ ਕੇ ਹੜਤਾਲ ਕੀਤੀ ਗਈ।
ਇਸ ਦੌਰਾਨ ਉਨਾਂ੍ਹ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੱਸਿਆ ਕਿ ਯੂਨੀਅਨ ਦੀ ਅਣਮਿੱਥੇ ਸਮੇਂ ਦੀ ਹੜ੍ਹਤਾਲ ਨੂੰ ਸਫਲ ਬਣਾਉਣ ਲਈ ਤਾਲਮੇਲ ਕਮੇਟੀ ਵੱਲੋਂ ਦਿੱਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਉਨਾਂ੍ਹ ਦੇ ਦਫਤਰ ਮੀਟਿੰਗ ਹੋਈ ਜਿਸ ਵਿੱਚ ਉਨਾਂ੍ਹ ਨੂੰ ਬੜੇ ਵਿਸਥਾਰ ਨਾਲ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ਼ ਸਬੰਧੀ ਜਾਣੂ ਕਰਵਾਇਆ ਅਤੇ ਵਾਰ-ਵਾਰ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਭਰੋਸਾ ਦੇ ਕੇ ਸਮਾਂ ਟਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਚੱਲ ਰਹੀ ਹੜ੍ਹਤਾਲ ਨੂੰ ਦਬਾਉਣ ਲਈ ਪਰਚੇ ਦਰਜ਼ ਅਤੇ ਨੌਕਰੀਆ ਤੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।
ਪ੍ਰਧਾਨ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਦੀ ਬੁਖਲਾਹਟ ਕਰਾਰ ਦਿੰਦਿਆਂ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਅਤੇ ਸੰਘਰਸ਼ ਸ਼ਿਖਰ ‘ਤੇ ਅਤੇ ਜਿੱਤ ਯਕੀਨੀ ਹੋਣ ਦਾ ਦਾਅਵਾ ਕੀਤਾ ਅਤੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਜਥੇਬੰਦੀ ਵੱਲੋਂ ਸਮੱਰਥਣ ਦਾ ਐਲਾਨ ਕੀਤਾ ਅਤੇ ਨਾਲ ਹੀ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸਖਦੇਵ ਸਿੰਘ ਕੋਕਰੀ ਦੀ ਡਿਊਟੀ ਲਗਾਈ ਗਈ ਹੈ ਕਿ ਜਿੱਥੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਸੰਘਰਸ਼ਸੀਲ ਯੋਧਿਆਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਰੁੰਤ ਜਥੇਬੰਦੀ ਦੀ ਲੋਕਲ ਜ਼ਿਲ੍ਹਾ ਕਮੇਟੀ ਸਹਿਯੋਗ ਵਿੱਚ ਆਵੇਗੀ ਅਤੇ ਹੜ੍ਹਤਾਲ ਦਾ ਪੂਰਨ ਸਮੱਰਥਣ ਕਰੇਗੀ। ਇਸ ਮੌਕੇ ਉਨਾਂ੍ਹ ਕਿਹਾ ਕਿ ਸਮੂਹ ਜਥੇਬੰਦੀਆਂ ਵੱਲੋ ਸਹਿਯੋਗ ਮਿਲ ਰਿਹਾ ਅਤੇ ਸੰਘਰਸ਼ ਨੂੰ ਸ਼ਾਤੀ ਪੂਰਵਕ ਰੱਖਿਆ ਜਾਵੇ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ।