ਪ੍ਰੋ. ਗੁਰਨਾਮ ਸਿੰਘ ਦਾ ਵਿਛੋੜਾ ਸਮੁੱਚੇ ਸਮਾਜ ਲਈ ਅਸਹਿ : ਢੋਸੀਵਾਲ
‘
ਸ਼੍ਰੀ ਮੁਕਤਸਰ ਸਾਹਿਬ, 08 ਦਸੰਬਰ ( ਮਨਪ੍ਰੀਤ ਮੋਨੂੰ ) ਸਥਾਨਕ ਬੁੱਧੀਜੀਵੀ, ਕਲਮ ਦੇ ਧਨੀ ਆਪਣੀਆਂ ਲਿਖਤਾਂ ਰਾਹੀਂ ਦੇਸ਼ ਵਿਦੇਸ਼ ਵਿਚ ਡੂੰਘਾ ਪ੍ਰਭਾਵ ਛੱਡਣ ਵਾਲੇ ਵਿਦਵਾਨ ਪ੍ਰੋ. ਗੁਰਨਾਮ ਸਿੰਘ ਦੇ ਸਦੀਵੀਂ ਵਿਛੋੜੇ ‘ਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਪ੍ਰੋ. ਗੁਰਨਾਮ ਸਿੰਘ ਦੇ ਵਿਛੋੜੇ ਨੂੰ ਸਮੁੱਚੇ ਸਮਾਜ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਨਾ ਸਹਿਣ ਵਾਲਾ ਕਰਾਰ ਦਿੱਤਾ ਹੈ | ਜਿਕਰਯੋਗ ਹੈ ਕਿ ਕਰੀਬ 74 ਸਾਲ ਪਹਿਲਾਂ 26 ਅਕਤੂਬਰ 1947 ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿੰਡ ਧੂੜਕੋਟ ਰਣਸੀਂਹ (ਮੋਗਾ) ਵਿਖੇ ਪੈਦਾ ਹੋਏ ਪ੍ਰੋ. ਸਾਹਿਬ ਆਪਣੇ ਚਾਰ ਭੈਣ ਭਰਾਵਾਂ ਤੋਂ ਛੋਟੇ ਅਤੇ ਤਿੰਨ ਭੈਣ ਭਰਾਵਾਂ ਤੋਂ ਵੱਡੇ ਸਨ | ਭੈਣਾਂ ਇੰਗਲੈਂਡ ਵਸੀਆਂ ਹੋਈਆਂ ਹਨ ਅਤੇ ਭਰਾ ਉੱਚ ਸਰਕਾਰੀ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਹਨ |
ਸਾਲ 1965 ਵਿਚ ਤਖਤੂਪੁਰਾ ਦੇ ਸਰਕਾਰੀ ਹਾਈ ਸਕੂਲ ਵਿਚੋਂ ਮੈਟਿ੍ਕ ਪਾਸ ਕਰਨ ਉਪਰੰਤ ਸਰਕਾਰੀ ਕਾਲਜ ਰੋਡੇ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਟਿ੍ਪਲ ਐਮ.ਏ.(ਹਿਸਟਰੀ, ਪੋਲੀਟੀਕਲ ਸਾਇੰਸ ਅਤੇ ਪੰਜਾਬੀ) ਕਰਕੇ ਬੀ.ਐੱਡ ਦੀ ਡਿਗਰੀ ਪਾਸ ਕੀਤੀ | ਉਨ੍ਹਾਂ ਨੇ ਮੁੱਢਲੀ ਨੌਕਰੀ ਏ.ਜੀ. ਪੰਜਾਬ ਚੰਡੀਗੜ੍ਹ ਅਤੇ ਫਾਜਿਲਕਾ ਵਿਖੇ ਬੈਂਕ ਵਿਚ ਕਰਨ ਉਪਰੰਤ 1974 ਵਿਚ ਸਿੱਖਿਆ ਵਿਭਾਗ ਵਿੱਚ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਤੋਂ ਸਵੈ ਇੱਛਤ ਸੇਵਾ ਮੁਕਤੀ ਲੈ ਲਈ | ਇਹਨਾਂ ਦੀ ਸ਼ਾਦੀ ਮਈ 1974 ਵਿਚ ਅਧਿਆਪਿਕਾ ਅਮਰਜੀਤ ਕੌਰ ਨਾਲ ਹੋਈ | ਜਿਨ੍ਹਾਂ ਦੀ ਕੁੱਖੋਂ ਦੋ ਬੇਟੀਆਂ ਜਗਦੀਪ ਕੌਰ ਅਤੇ ਕਿਰਨ ਕੌਰ ਨੇ ਜਨਮ ਲਿਆ |
ਦੋਵੇਂ ਬੇਟੀਆਂ ਸ਼ਾਦੀਸ਼ੁਦਾ ਅਤੇ ਵਧੀਆ ਜੀਵਨ ਬਤੀਤ ਕਰ ਰਹੀਆਂ ਹਨ | ਸੰਨ 1980 ਵਿਚ ਪ੍ਰੋਫੈਸਰ ਸਾਹਿਬ ਦੀ ਮੁਲਾਕਾਤ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਾਹਿਬ ਕਾਸ਼ੀ ਰਾਮ ਨਾਲ ਹੋਈ | ਉਨ੍ਹਾਂ ਦੀ ਅਗਵਾਈ ਹੇਠ ਇਹਨਾਂ ਨੇ ਐਸ.ਸੀ./ਬੀ.ਸੀ. ਕਰਮਚਾਰੀਆਂ ਦੀ ਜੱਥੇਬੰਦੀ ਬਾਮਸੇਫ ਵਿੱਚ ਬਤੌਰ ਪ੍ਰਧਾਨ ਕੰਮ ਕੀਤਾ | ਬਾਅਦ ਵਿਚ ਗੈਰ ਰਾਜਨੀਤਿਕ ਸਮਾਜਿਕ ਜੱਥੇਬੰਦੀ ਡੀ.ਐਸ.-4 ਵਿਚ ਕੰਮ ਕਰਨ ਉਪਰੰਤ ਬਹੁਜਨ ਸਮਾਜ ਪਾਰਟੀ ਦਾ ਝੰਡਾ ਚੁੱਕਿਆ |
ਆਪਣੇ ਭਾਸ਼ਣ ਨਾਲ ਸਰੋਤਿਆਂ ਨੂੰ ਕੀਲਣ ਵਾਲੇ ਅਤੇ ਮਹਾਨ ਪੁਸਤਕ ਭਾਰਤੀ ਲੋਕ ਨੀਂਚ ਕਿਵੇਂ ਬਣੇ, ਕਹੇ ਰਵਿਦਾਸ ਚਮਾਰਾ, ਇਨਹੀ ਕੋ ਸਰਦਾਰ ਬਣਾਊ, ਖੌਲਦਾ ਮਹਾਂ ਸਾਗਰ ਅਤੇ ਧਰਮ ਯੁੱਧ ਵਰਗੀਆਂ 30 ਪੁਸਤਕਾਂ ਦੇ ਲੇਖਕ ਪ੍ਰੋਫੈਸਰ ਸਾਹਿਬ ਇਸ ਸਮੇਂ ਮੂਲ ਭਾਰਤੀ ਚਿੰਤਨ ਸੰਘ ਦੇ ਸੰਸਥਾਪਕ ਪ੍ਰਧਾਨ ਸਨ | ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਪ੍ਰੋ. ਗੁਰਨਾਮ ਸਿੰਘ ਭਾਵੇਂ ਸਰੀਰਕ ਤੌਰ ‘ਤੇ ਇਸ ਸੰਸਾਰ ਵਿਚ ਨਹੀਂ ਰਹੇ ਪਰੰਤੂ ਉਹ ਆਪਣੀਆਂ ਲਿਖਤਾਂ ਨਾਲ ਅਮਰ ਰਹਿਣਗੇ ਅਤੇ ਉਨ੍ਹਾਂ ਦੀਆਂ ਲਿਖਤਾਂ ਸਦਾ ਸਮਾਜ ਨੂੰ ਮਾਰਗ ਦਰਸ਼ਨ ਕਰਦੀਆਂ ਰਹਿਣਗੀ | ਸਵ. ਪ੍ਰੋ. ਗੁਰਨਾਮ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 12 ਦਸੰਬਰ ਐਤਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਪਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪੈਰੋਕਾਰ, ਰਿਸ਼ਤੇਦਾਰ ਅਤੇ ਸੱਜਨ ਸਨੇਹੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ |