ਲੱਖਾ ਸਿਧਾਣਾ ਸਮੇਤ ਕੁਲ 20 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਫਿਰ ਮਿਲੀਆਂ ਫੋਨ ਰਾਹੀਂ ਧਮਕੀਆਂ
Case registered against 20 persons including Lakha Sidhana, then received threats through phone
ਪੰਜਾਬੀ ਗਾਇਕਾ ਸੋਨੀ ਮਾਨ ਵਲੋਂ ਗਾਏ ਇਕ ਗਾਣੇ ਨੂੰ ਲੈ ਕੇ ਲੱਖਾ ਸਿਧਾਣਾ ਵਲੋਂ ਜਤਾਏ ਗਏ ਇਤਰਾਜ਼ ਨੂੰ ਲੈ ਮੰਗਲਵਾਰ ਸ਼ਾਮ ਮਾਸਟਰ ਕਾਲੋਨੀ ਵਿਖੇ ਸੋਨੀ ਮਾਨ ਦੇ ਘਰ ਉੱਪਰ ਕੁਝ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਲੱਖਾ ਸਿਧਾਣਾ ਸਮੇਤ ਪੰਜ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁਲ 20 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਫਾਇਰਿੰਗ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਗਾਇਕਾ ਤੇ ਉਸ ਦੇ ਸਾਥੀਆਂ ’ਚ ਜਾਨ ਨੂੰ ਖਤਰਾ ਲੈ ਕੇ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਥਾਨਕ ਮਾਸਟਰ ਕਾਲੋਨੀ ਵਿਖੇ ਰਹਿੰਦੇ ਰਣਬੀਰ ਬਾਠ ਪੁੱਤਰ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਨਾਲ ਰਹਿੰਦੀ ਗਾਇਕਾ ਸੋਨੀ ਮਾਨ ਵਲੋਂ ‘ਸੁਣ ਤੱਤਾ ਤੱਤਾ’ ਗਾਣਾ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ, ਜਿਸ ਤੋਂ ਬਾਅਦ ਲੱਖਾ ਸਿਧਾਣਾ ਵਲੋਂ ਗਾਇਕਾ ਸੋਨੀ ਮਾਨ ਨੂੰ ਫੋਨ ’ਤੇ ਇਸ ਗਾਣੇ ਪ੍ਰਤੀ ਇਤਰਾਜ਼ ਜਤਾਉਂਦਿਆਂ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਗਾਣਾ ਹਟਾਉਣ ਦਾ ਵਿਰੋਧ ਕੀਤਾ ਗਿਆ। ਮੰਗਲਵਾਰ ਸ਼ਾਮ ਕਰਨ ਪਾਠਕ ਵਾਸੀ ਢੋਟੀਆਂ, ਤੇਜ ਪ੍ਰਤਾਪ ਵਾਸੀ ਜੋਧਪੁਰ, ਭੋਲਾ ਸਿੰਘ ਵਾਸੀ ਜੋਧਪੁਰ ਤੇ 15 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਆ ਪੁੱਜੇ, ਜਿਨ੍ਹਾਂ ਕੋਲ ਰਾਈਫਲਾਂ ਤੇ ਹਥਿਆਰ ਮੌਜੂਦ ਸਨ।
ਰਣਬੀਰ ਬਾਠ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਘਰ ਦੇ ਬਾਹਰ ਗੱਡੀਆਂ ਖਡ਼੍ਹੀਆਂ ਕਰਦਿਆਂ ਸ਼ਰੇਆਮ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਕਿਹਾ ਕਿ ਉਹ ਲੱਖਾ ਸਿਧਾਣਾ ਦੇ ਕਹਿਣ ਉੱਪਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਪੁੱਜੇ ਹਨ। ਰਣਬੀਰ ਬਾਠ ਨੇ ਦੱਸਿਆ ਕਿ ਲੱਖਾ ਸਧਾਣਾ ਤੇ ਉਸ ਦੇ ਸਾਥੀਆਂ ਵਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਰਣਬੀਰ ਤੇ ਗਾਇਕਾ ਸੋਨੀ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਪੁਲਸ ਪ੍ਰਸ਼ਾਸਨ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਯੂਰਪ ਤੋਂ ਆਏ ਇਕ ਫੋਨ ਰਾਹੀਂ ਇਸ ਵਾਰਦਾਤ ਮੈਨੂੰ ਸਿਰਫ ਟਰੇਲਰ ਕਰਾਰ ਦੱਸਦਿਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਦੀ ਸਾਰੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ, ਤੇਜ ਪ੍ਰਤਾਪ, ਭੋਲਾ ਸਿੰਘ ਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਬਾਬਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।