ਪਾਈਪ ਲਾਈਨ ਦੀ ਲੀਕੇਜ਼ ਤੇ ਖਸਤਾ ਹਾਲਤ ਸੜਕ ਤੋਂ ਅੌਖੇ ਲੋਕਾਂ ਨੇ ਲਾਇਆ ਜਾਮ
ਜਲਾਲਾਬਾਦ ਰੋਡ ਬਾਈਪਾਸ ‘ਤੇ ਪਾਈਪ ਲਾਈਨ ‘ਚ ਲੀਕੇਜ਼ ਦੂਰ ਕਰਨ ਤੇ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦੁਕਾਨਦਾਰਾਂ ਤੇ ਲੋਕਾਂ ਨੇ ਸ਼ੁੱਕਰਵਾਰ ਨੂੰ ਕਰੀਬ ਪੰਜ ਘੰਟੇ ਤੱਕ ਸੜਕ ‘ਤੇ ਜਾਮ ਲਗਾ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਰਘੁਵੀਰ ਸਿੰਘ ਚਾਹਲ, ਗੁਰਪ੍ਰਰੀਤ ਸਿੰਘ, ਅਰਸ਼ਦੀਪ ਸਿੰਘ, ਵਿੱਕੀ, ਬੰਟੀ, ਗੌਰਵ ਗੋਇਲ, ਵਿਕਾਸ ਗੋਇਲ, ਨਿੱਕੂ, ਸੁਖਵਿੰਦਰ ਸਿੰਘ, ਸ਼ਮਿੰਦਰ ਸਿੰਘ, ਗੋਗੀ, ਨੋਨੀ ਆਦਿ ਨੇ ਦੱਸਿਆ ਕਿ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਕਰੀਬ ਢਾਈ ਸਾਲ ਪਹਿਲਾ ਪਾਈਪ ਲਾਇਨ ਦਾ ਕੰਮ ਕੀਤਾ ਸੀ। ਉਸ ਤੋਂ ਬਾਅਦ ਮਿੱਟੀ ਪਾ ਕੇ ਖਾਨਾ ਪੂਰਤੀ ਕਰਕੇ ਸੜਕ ਬੰਦ ਕਰ ਦਿੱਤੀ ਗਈ, ਪਰ ਹੁਣ ਇਥੇ ਹਰ ਸਮੇਂ ਮਿੱਟੀ ਉੱਡਦੀ ਰਹਿੰਦੀ ਹੈ, ਜਗ੍ਹਾ ਜਗ੍ਹਾ ‘ਤੇ ਟੋਏ ਪੈ ਚੁੱਕੇ ਹਨ ਜਿਸ ਦੇ ਚੱਲਦਿਆ ਭਾਰੀ ਵਾਹਨ ਪਲਟਨ ਦਾ ਡਰ ਬਣਿਆ ਰਹਿੰਦਾ ਹੈ।
ਪਿਛਲੇ ਦਿਨੀਂ ਤਾਂ ਭਾਰੀ ਟਰੱਕ ਵੀ ਇੱਥੇ ਪਲਟ ਗਿਆ ਸੀ। ਬੱਚਤ ਇਹ ਰਹੀ ਇਕ ਉਸ ਸਮੇਂ ਉਸ ਟਰੱਕ ਦੇ ਆਸ ਪਾਸ ਕੋਈ ਵੀ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਰੋਡ ਦੀ ਤਰਸਯੋਗ ਹਾਲਤ ਗੰਭੀਰ ਸਮੱਸਿਆ ਦਾ ਕਾਰਨ ਹੈ। ਉਪਰੋਂ ਪਾਇਪ ਵਿੱਚ ਕਈ ਜਗ੍ਹਾ ਤੋਂ ਫਾਲਟ ਹੋਣ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਸੀਵਰੇਜ਼ ਦਾ ਪਾਣੀ ਦਾਖਲ ਹੋ ਰਿਹਾ ਹੈ। ਜਿਸ ਕਾਰਨ ਘਰਾਂ ‘ਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਲੋਕਾਂ ਨੇ ਬਾਈਪਾਸ ਦੇ ਚੁਰਾਹੇ ‘ਤੇ ਵਾਹਨ ਖੜੇ ਕਰਕੇ ਚਾਰੋਂ ਪਾਸਿਆਂ ਤੋਂ ਆਉਣ ਜਾਣ ਵਾਲੇ ਰਸਤਿਆਂ ਨੂੰ ਬਿੱਲਕੁਲ ਹੀ ਬੰਦ ਕਰ ਦਿੱਤਾ।
ਸਵੇਰੇ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਚੱਲੇ ਧਰਨੇ ਦੌਰਾਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭੜਕੇ ਹੋਏ ਦੁਕਾਨਦਾਰਾਂ ਨੇ ਬਾਅਦ ਦੁਪਹਿਰ ਕਿਸੇ ਅਧਿਕਾਰੀ ਦੇ ਨਾ ਪਹੁੰਚਣ ਦੇ ਕਾਰਨ ਦੁਕਾਨਾਂ ਵੀ ਬੰਦ ਕਰਕੇ ਰੋਸ ਜ਼ਾਹਿਰ ਕੀਤਾ। ਘੰਟੇ ਬੱਧੀ ਜਾਮ ਦੇ ਗੰਭੀਰ ਹਾਲਤ ਦੇ ਬਾਅਦ ਕਰੀਬ ਦੋ ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਤੇ ਜੇਈ ਅਮਨਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ।
ਪਰ ਪ੍ਰਦਰਸ਼ਨਕਾਰੀ ਰਿਟਨ ਵਿੱਚ ਵਿਸ਼ਵਾਸ਼ ਮੰਗ ਰਹੇ ਸਨ। ਜਿਸ ਤੇ ਹਨੀ ਫੱਤਣਵਾਲਾ ਨੇ ਐਕਸੀਅਨ ਨਾਲ ਫੋਨ ‘ਤੇ ਗੱਲ ਕਰਕੇ ਉਨਾਂ੍ਹ ਨੂੰ ਮੌਕੇ ‘ਤੇ ਆ ਕੇ ਲੋਕਾਂ ਨੂੰ ਵਿਸ਼ਵਾਸ਼ ਦੁਆਉਣ ਲਈ ਕਿਹਾ। ਕਰੀਬ ਪੋਣੇ ਤਿੰਨ ਵਜੇ ਐਕਸੀਅਨ ਅਮਿ੍ਤਦੀਪ ਸਿੰਘ ਖੁਦ ਮੌਕੇ ‘ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਲਿਖਤੀ ਰੂਪ ‘ਚ ਮੰਗਲਵਾਰ ਨੂੰ ਪਾਇਪ ਲਾਇਨ ਦਾ ਕੰਮ ਸ਼ੁਰੂ ਕਰਾਉਣ ਦਾ ਵਿਸ਼ਵਾਸ਼ ਦਿੱਤਾ ਜਿਸਤੋਂ ਬਾਅਦ ਲੋਕਾਂ ਵੱਲੋਂ ਧਰਨਾ ਚੁੱਕਿਆ ਗਿਆ।