ਸੜਕ ਹਾਦਸੇ ‘ਚ ਸ਼ਹੀਦ ਹੋਏ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨਾਂ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ
ਪਿੰਡ ਆਸਾ ਬੁੱਟਰ ਦੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਦੋ ਕਿਸਾਨ ਨੌਜਵਾਨਾਂ ਨੂੰ ਇਲਾਕਾ ਨਿਵਾਸੀਆਂ ਨੇ ਗਮਗੀਨ ਮਾਹੌਲ ’ਚ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਜਦ ਕਿਸਾਨ ਆਪਣੇ ਟ੍ਰੈਕਟਰ-ਟਰਾਲੀਆਂ ਰਾਹੀਂ ਪਿੰਡ ਵਾਪਸ ਪਰਤ ਰਹੇ ਸਨ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਨੌਜਵਾਨ ਕਿਸਾਨ ਸੁਖਦੇਵ ਸਿੰਘ (35) ਪੁੱਤਰ ਜੀਤਾ ਸਿੰਘ ਤੇ ਅਜੇਪ੍ਰੀਤ ਸਿੰਘ (36) ਪੁੱਤਰ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਨਾਂ ਦਾ ਅੱਜ ਵੱਖ ਵੱਖ ਕਿਸਾਨ ਜੱਥੇਬੰਦੀਆਂ, ਜਿਲ੍ਹਾ ਪੁਲਿਸ ਪ੍ਰਸ਼ਾਸ਼ਨ, ਸਿਵਲ ਪ੍ਰਸ਼ਾਸ਼ਨ, ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਇਲਾਕਾ ਨਿਵਾਸੀਆਂ ਦੀ ਹਾਜ਼ਰੀ ’ਚ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰਾਂਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਪੂਰਾ ਖਰਚ ਪੰਜਾਬ ਸਰਕਾਰ ਕਰੇਗੀ ਤੇ ਸ਼ਹੀਦ ਹੋਏ ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਨੂੰ ਇੱਕ-ਇੱਕ ਸਰਕਾਰੀ ਨੌਕਰੀ ਤੇ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਘਟਨਾ ਨਾਲ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।