ਗਿੱਦੜਬਾਹਾ ਵਿਖੇ ਲੰਬੀ ਫਾਟਕ ਕੋਲ ਰੇਲ ਜਾਮ ਕਰਕੇ ਲਗਾਇਆ ਧਰਨਾ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਦੇ ਸੱਦੇ ‘ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਖੇਤ ਮਜ਼ਦੂਰ ਸਭਾ ਨਰੇਗਾ ਪ੍ਰਰਾਪਤੀ ਯੂਨੀਅਨਾਂ ਗਿੱਦੜਬਾਹਾ ਵਿਖੇ ਲੰਬੀ ਫਾਟਕ ਕੋਲ ਰੇਲ ਜਾਮ ਕਰਕੇ ਧਰਨਾ ਲਾਇਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਨਾਨਕ ਚੰਦ ਬਜਾਜ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਜਗਜੀਤ ਸਿੰਘ ਜੱਸੇਆਣਾ ਨੇ ਆਖਿਆ ਕਿ ਆਰਥਿਕ ਪੱਖੋਂ ਪਹਿਲਾਂ ਹੀ ਕਮਜ਼ੋਰ ਮਜ਼ਦੂਰ ਵਰਗ ਨੂੰ ਸਹੂਲਤਾਂ ਦੇਣ ਦੀ ਬਜਾਏ, ਉਨ੍ਹਾਂ ਨੂੰ ਲਾਰਿਆਂ ਨਾਲ ਭਰਮਾਉਣ ਦੀ ਨੀਤੀ ਰਾਹੀਂ ਕਾਂਗਰਸ ਪਾਰਟੀ ਨੂੰ ਮੁੜ ਰਾਜ ਗੱਦੀ ਸੰਭਲਾਉਣ ਦੀਆਂ ਗਿਣਤੀਆਂ ਮਿਣਤੀਆਂ ਨੂੰ ਧਿਆਨ ‘ਚ ਰੱਖ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮੰਗਾਂ ਤਾਂ ਮੰਨ ਲਈਆਂ ਪਰ ਹੁਣ ਉਨ੍ਹਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਬੁਲਾਰਿਆਂ ਨੇ ਆਖਿਆ ਕਿ ਮਜ਼ਦੂਰਾਂ ਦੀਆਂ ਮੰਗਾਂ ਬੇਘਰੇ ਤੇ ਲੋੜਵੰਦਾਂ ਲਈ ਪਲਾਟ ਲੈਣ, ਰਹਿੰਦੇ ਪਿੰਡਾਂ ‘ਚ ਪੰਚਾਇਤੀ ਮਤੇ ਪੁਆਉਣ, ਮਕਾਨ ਬਣਾਉਣ ਲਈ ਗ੍ਾਂਟਾਂ ਲੈਣ, ਮਜ਼ਦੂਰਾਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦੇਣ, ਰਾਸ਼ਨ ਡਿੱਪੂਆਂ ਤੇ ਘਰੇਲੂ ਲੋੜ ਦੀਆਂ ਸਾਰੀਆਂ ਵਸਤੂਆਂ ਸਸਤੇ ਭਾਅ ਦੇਣ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ‘ਚ ਵੰਡਣ ਆਦਿ ਅਹਿਮ ਮਜ਼ਦੂਰ ਮੰਗਾਂ ਮੰਨ ਕੇ ਸਰਕਾਰ ਵੱਲੋਂ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।