ਸੰਤ ਬਾਬਾ ਬੱਗੂ ਭਗਤ ਡੇਰੇ ਦੀ ਨਵੀਂ ਬਿਲਡਿੰਗ ਬਨਾਉਣ ਦਾ ਕਾਰਜ ਸ਼ੁਰੂ – ਭਗਤ ਸ਼ੰਮੀ ਚਾਵਲਾ ਨੇ ਨੀਂਹ ਰੱਖੀ
ਸ਼੍ਰੀ ਮੁਕਤਸਰ ਸਾਹਿਬ, 16 ਦਸੰਬਰ ( ਮਨਪ੍ਰੀਤ ਮੋਨੂੰ ) ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ, ਸੰਤ ਮੰਦਰ ਦੀ ਨਵੀਂ ਇਮਾਰਤ ਬਨਾਉਣ ਦਾ ਕਾਰਜ ਅੱਜ ਸ਼ੁਰੂ ਹੋ ਗਿਆ ਹੈ |
ਨਵੀਂ ਬਿਲਡਿੰਗ ਦਾ ਨੀਂਹ ਪੱਥਰ ਡੇਰਾ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਅਤੇ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਨੇ ਧਾਰਮਿਕ ਰਸਮਾਂ ਅਤੇ ਪੂਰੇ ਵਿਧੀ ਵਿਧਾਨ ਨਾਲ ਆਪਣੇ ਕਰ ਕਮਲਾਂ ਨਾਲ ਰੱਖਿਆ | ਇਸ ਸਮੇਂ ਵਰਿੰਦਾਵਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਵਾਮੀ ਵਿਸ਼ਨੂੰ ਗਿਰੀ ਜੀ ਮਹਾਰਾਜ ਦੇ ਚੇਲੇ ਸਵਾਮੀ ਅਖੰਡਾ ਨੰਦ ਨੇ ਭੂਮੀ ਪੂਜਣ ਕੀਤਾ | ਇਸ ਮੌਕੇ ਬਾਊ ਜੀ ਦੇ ਸਪੁੱਤਰ ਗਗਨਦੀਪ ਚਾਵਲਾ ਅਤੇ ਅਵਤਾਰ ਚੁੱਘ ਸਮੇਤ ਵੱਡੀ ਗਿਣਤੀ ਵਿਚ ਡੇਰਾ ਸ਼ਰਧਾਲੂ ਮੌਜੂਦ ਸਨ | ਨਵੀਂ ਇਮਾਰਤ ਦੀ ਉਸਾਰੀ ਆਰੰਭ ਕਰਵਾਏ ਜਾਣ ‘ਤੇ ਸਮੂਹ ਸੰਗਤ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਪ੍ਰਭੂ ਦੀ ਕਿ੍ਪਾ ਅਤੇ ਸੰਗਤ ਦੇ ਸਹਿਯੋਗ ਨਾਲ ਡੇਰੇ ਦੀ ਨਵੀਂ ਸ਼ਾਨਦਾਰ ਬਿਲਡਿੰਗ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗੀ |
ਜਿਕਰਯੋਗ ਹੈ ਕਿ ਉਕਤ ਡੇਰਾ ਸਮੁੱਚੇ ਇਲਾਕੇ ਵਿਚ ਆਪਣੀ ਮਿਲਵਰਤਣ, ਭਾਈਚਾਰੇ ਅਤੇ ਧਾਰਮਿਕ ਆਸਥਾ ਦਾ ਕੇਂਦਰ ਮੰਨਿਆ ਜਾਂਦਾ ਹੈ | ਅਨੇਕਾਂ ਲੋਕ ਡੇਰੇ ਦੀ ਕਿ੍ਪਾ ਅਤੇ ਅਸ਼ੀਰਵਾਦ ਨਾਲ ਆਪਣੇ ਮਨ ਦੀਆਂ ਮੁਰਾਦਾਂ ਪ੍ਰਾਪਤ ਕਰ ਚੁੱਕੇ ਹਨ | ਡੇਰੇ ਵਿਚ ਕਿਸੇ ਕਿਸਮ ਦਾ ਜਾਦੂ ਟੂਣਾ ਜਾਂ ਧਾਗਾ ਤਵੀਤ ਨਹੀਂ ਦਿੱਤਾ ਜਾਂਦਾ | ਸਿਰਫ ਪ੍ਰਭੂ ਸਿਮਰਨ ਅਤੇ ਅਰਦਾਸ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਨੀਂਹ ਰੱਖਣ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਊ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਸੰਤਾਂ ਦੇ ਦਿਖਾਏ ਹੋਏ ਰਸਤੇ ‘ਤੇ ਚੱਲ ਕੇ ਹੀ ਆਪਣਾ ਜੀਵਨ ਸਫਲ ਬਣਾਇਆ ਜਾ ਸਕਦਾ ਹੈ | ਹਰ ਮਨੁੱਖ ਨੂੰ ਕੁਝ ਸਮੇਂ ਪ੍ਰਭੂ ਭਗਤੀ ਵਿਚ ਗੁਜ਼ਾਰਨਾ ਚਾਹੀਦਾ ਹੈ |
ਪ੍ਰਭੂ ਕੋਲ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ | ਇਛਾਵਾਂ ਸਾਡਾ ਮਨ ਅਸ਼ਾਂਤ ਕਰਦੀਆਂ ਹਨ | ਉਕਤ ਜਾਣਕਾਰੀ ਦਿੰਦੇ ਹੋਏ ਡੇਰਾ ਕਮੇਟੀ ਦੇ ਚੀਫ਼ ਆਰਗੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਡੇਰੇ ਵਿੱਚ ਹਰ ਵੀਰਵਾਰ ਬਾਊ ਜੀ ਵੱਲੋਂ ਸਤਿਸੰਗ ਕੀਤਾ ਜਾਂਦਾ ਹੈ | ਡੇਰੇ ਵਿੱਚ ਗੁਰਪੁਰਬ, ਰਾਮਨੌਮੀ ਅਤੇ ਦੋਵੇਂ ਸੰਤਾਂ ਦੀਆਂ ਬਰਸੀਆਂ ਸਮੇਤ ਹਰ ਸਾਲ ਚਾਰ ਮੁੱਖ ਸਮਾਗਮ ਕੀਤੇ ਜਾਂਦੇ ਹਨ | ਡੇਰੇ ਵਿਚ ਹੋਣ ਵਾਲੇ ਸਤਿਸੰਗ, ਮੁੱਖ ਸਮਾਗਮ ਅਤੇ ਲੰਗਰ ਸਮੇਤ ਸਮੁੱਚੀ ਵਿਵਸਥਾ ਅਤੇ ਦੇਖ ਰੇਖ ਭਗਤ ਚਾਵਲਾ ਬਾਊ ਜੀ ਦੀ ਅਗਵਾਈ, ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁੰਦੀ ਹੈ |