ਸੁਖਦਰਸਨ ਸਿੰਘ ਮਰਾੜ ਸੀ ਲੋਕਾਂ ਦਾ ਸੱਚਾ ਆਗੂ-ਚਰਨਜੀਤ ਸਿੰਘ ਚੰਨੀ
Sukhdarsan Singh Marar was the true leader of the people - Charanjit Singh Channi
ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ ) – ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸਵ :ਸੁਖਦਰਸਨ ਸਿੰਘ ਮਰਾੜ੍ਹ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਨਿੱਘੀਆਂ ਸਰਧਾਂਜਲੀਆਂ ਭੇਂਟ ਕੀਤੀਆਂ |
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਵ: ਮਰਾੜ੍ਹ ਲੋਕਾਂ ਨਾਲ ਨੇੜਿਓ ਜੁੜਿਆਂ ਅਜਿਹਾ ਆਗੂ ਸੀ ਜੋ ਆਪਣੇ ਪੰਜ ਦਹਾਕਿਆਂ ਦੇ ਲੰਬੇ ਸਿਆਸੀ ਕੈਰੀਅਰ ਦੌਰਾਨ ਅਨੇਕਾਂ ਮਹੱਤਵਪੂਰਨ ਰਾਜਸੀ ਅਹੁਦਿਆਂ ਤੇ ਰਿਹਾ | ਮੁੱਖ ਮੰਤਰੀ ਨੇ ਕਿਹਾ ਕਿ 2002 ਤੋਂ 2007 ਤੱਕ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਨੁੰਮਾਇੰਦਗੀ ਕਰਨੀ ਤੋਂ ਇਲਾਵਾ ਸੁਖਦਰਸਨ ਸਿੰਘ ਮਰਾੜ੍ਹ ਪ੍ਰਾਈਮਰੀ ਕੋਆਪ੍ਰੇਟਿਵ ਵਿਕਾਸ ਬੈਂਕ ਦੇ ਡਾਇਰੈਕਟਰ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ, ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਦੇ ਮੈਂਬਰ, ਮਾਰਕਿਟ ਕਮੇਟੀ ਦੇ ਮੈਂਬਰ ਅਤੇ ਪਿੰਡ ਮਰਾੜ੍ਹ ਕਲਾਂ ਦੇ 25 ਸਾਲ ਤੱਕ ਸਰਪੰਚ ਰਹੇ |
ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਕੋਈ ਵੀ ਆਗੂ ਆਪਣੇ ਲੋਕਾਂ ਦੇ ਪਿਆਰ ਬਿਨ੍ਹਾਂ ਸਿਆਸੀ ਜੀਵਨ ਵਿਚ ਉਨ੍ਹਾਂ ਵਾਂਗ ਸਫਲ ਨਹੀਂ ਹੋ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਸਵ: ਮਰਾੜ੍ਹ ਨੇ ਸਖਤ ਮਿਹਨਤ ਨਾਲ ਅਤੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦਾ ਆਗੂ ਬਣ ਕੇ ਇਹ ਮੰਜਿਲਾਂ ਸਰ ਕੀਤੀਆਂ ਸਨ |ਉਨ੍ਹਾਂ ਨੇ ਕਿਹਾ ਕਿ ਸਵ: ਮਰਾੜ ਹਮੇਸਾ ਸਮਾਜ ਦੇ ਕਮਜੋਰ ਵਰਗਾਂ ਦੀ ਬਿਹਤਰੀ ਲਈ ਯਤਨਸੀਲ ਰਹੇ |
ਸਾਬਕਾ ਵਿਧਾਇਕ ਸਵ: ਮਰਾੜ੍ਹ ਦੇ ਸਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਦੀਆਂ ਇਲਾਕੇ ਸਬੰਧੀ ਕੀਤੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਲਈ 10 ਕਰੋੜ ਰੁਪਏ ਅਤੇ ਊਦੇਕਰਨ ਮਾਇਨਰ ਸਮੇਤ ਇਲਾਕੇ ਦੀਆਂ ਨਹਿਰਾਂ ਲਈ 2.5 ਕਰੋੜ ਰੁਪਏ ਦੇਣ ਦਾ ਐਲਾਣ ਵੀ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਸ: ਜ਼ਸਪਾਲ ਸਿੰਘ ਮਰਾੜ੍ਹ, ਜਗਜੀਤ ਸਿੰਘ ਹੰਨੀ ਫੱਤਣਵਾਲਾ, ਡਿਪਟੀ ਕਮਿਸਨਰ ਹਰਪ੍ਰੀਤ ਸੂਦਨ ਅਤੇ ਐਸਐਸਪੀ ਸਰਬਜੀਤ ਸਿੰਘ ਵੀ ਹਾਜਰ ਸਨ |