ਸੇਵਾ ਮੁਕਤ ਕਰਮਚਾਰੀਆਂ ਵੱਲੋਂ ਪੈਨਸ਼ਨਰ ਦਿਵਸ ਸਮਾਰੋਹ ਆਯੋਜਿਤ
ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਥਾਨਕ ਤਾਜ ਪੈਲੇਸ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ |
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸ਼ਾਨਦਾਰ ਸਮਾਗਮ ਵਿਚ ਏ.ਡੀ.ਸੀ. ਰਾਜਦੀਪ ਕੌਰ ਬਰਾੜ ਪੀ.ਸੀ.ਐੱਸ. ਨੇ ਬਤੌਰ ਮੁੱਖ ਮਹਿਮਾਨ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਮੈਨੇਜਰ ਬੀ.ਕੇ. ਲੱਢਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਦੇ ਰੋਹਿਤ ਬਾਂਸਲ ਅਤੇ ਏ.ਡੀ.ਬੀ. ਬ੍ਰਾਂਚ ਦੇ ਮੈਨੇਜਰ ਵਿਸ਼ਾਲ ਅਹੁਜਾ ਸਮੇਤ ਪੰਜਾਬ ਨੈਸ਼ਨਲ ਬੈਂਕ ਦੇ ਮੈਡਮ ਸ਼ੈਲਜਾ ਉਚੇਚੇ ਤੌਰ ‘ਤੇ ਸ਼ਾਮਲ ਹੋਏ |
ਸਮਾਰੋਹ ਦੇ ਸ਼ੁਰੂ ਵਿਚ ਐਸੋਸੀਏਸ਼ਨ ਦੇ ਸਵ. ਪ੍ਰਧਾਨ ਨੱਥਾ ਸਿੰਘ ਸਮੇਤ ਵਿਛੋੜਾ ਦੇ ਕੇ ਗਏ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ | ਸਮਾਗਮ ਦੌਰਾਨ ਚੌ. ਦੌਲਤ ਰਾਮ ਸਿੰਘ, ਪਿ੍ੰ. ਕਰਤਾਰ ਸਿੰਘ ਬੇਰੀ, ਬਲਦੇਵ ਸਿੰਘ ਬੇਦੀ (ਉਪ ਜਿਲਾ ਸਿੱਖਿਆ ਅਫਸਰ), ਚੌ. ਅਮੀ ਚੰਦ, ਮਨਮੋਹਨ ਕਾਲੜਾ, ਓਮ ਪ੍ਰਕਾਸ਼ ਸ਼ਰਮਾ, ਮੇਜਰ ਸਿੰਘ ਚੌਂਤਰਾ, ਬਖਸ਼ੀਸ਼ ਸਿੰਘ ਲਾਹੌਰੀਆ, ਚੌ. ਬਲਬੀਰ ਸਿੰਘ, ਰੋਸ਼ਨ ਲਾਲ ਸਿਡਾਨਾ, ਬੋਹੜ ਸਿੰਘ ਥਾਂਦੇਵਾਲਾ, ਜਗਦੀਸ਼ ਰਾਏ ਢੋਸੀਵਾਲ ਅਤੇ ਭੰਵਰ ਲਾਲ ਸ਼ਰਮਾ ਆਦਿ ਨੇ ਸੰਬੋਧਨ ਕੀਤਾ | ਸਮਾਗਮ ਦੌਰਾਨ ਸਾਬਕਾ ਡੀ.ਟੀ.ਓ. ਗੁਰਚਰਨ ਸਿੰਘ ਸੰਧੂ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਲ ਕੀਤੀ |
ਪ੍ਰਧਾਨ ਤੇ ਜਨਰਲ ਸਕੱਤਰ ਵੱਲੋਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਆਪਣੇ ਮੁੱਖ ਸੰਬੋਧਨ ਵਿਚ ਪ੍ਰਧਾਨ ਹਰਦੇਵ ਸਿੰਘ ਨੇ ਮੁੱਖ ਮਹਿਮਾਨ ਸਮੇਤ ਸਭਨਾਂ ਨੂੰ ਜੀ ਆਇਆ ਕਿਹਾ | ਉਨ੍ਹਾਂ ਨੇ ਪੈਨਸ਼ਨਰ ਦਿਵਸ ਦੀ ਮਹਾਨਤਾ ਅਤੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ | ਪ੍ਰਧਾਨ ਨੇ ਪੈਨਸ਼ਨਰ ਡੇ ਦੀ ਪ੍ਰਸੰਸਾ ਯੋਗ ਸਫਲਤਾ ਲਈ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ | ਉਕਤ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਸ੍ਰੀ ਲੱਢਾ ਨੇ ਕਿਹਾ ਕਿ ਉਹਨਾਂ ਦਾ ਬੈਂਕ ਸੇਵਾ ਮੁਕਤ ਕਰਮਚਾਰੀਆਂ ਦੇ ਸਾਰੇ ਕਾਰਜ ਪਹਿਲ ਦੇ ਆਧਾਰ ‘ਤੇ ਕਰਦਾ ਹੈ |
ਉਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਬੈਂਕਾਂ ਵਿਚ ਪੈਨਸ਼ਨਰ ਲਾਂਜ ਬਣਾਏ ਜਾਣਗੇ ਤਾਂ ਜੋ ਪੈਨਸ਼ਨਰ ਉਥੇ ਬੈਠ ਕੇ ਹੀ ਆਪਣੇ ਕੰਮ ਕਰਵਾ ਸਕਣ | ਸਮਾਗਮ ਦੌਰਾਨ ਐਸ.ਬੀ.ਆਈ. ਦੇ ਕਰਮਚਾਰੀ ਰੋਹਿਤ ਬਾਂਸਲ ਨੂੰ ਪੈਨਸ਼ਨਰਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਣ ਅਤੇ ਸ਼ਾਨਦਾਰ ਸੇਵਾਵਾਂ ਲਈ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ |
ਸਮਾਰੋਹ ਦੌਰਾਨ ਮੁੱਖ ਮਹਿਮਾਨ ਏ.ਡੀ.ਸੀ. ਮੈਡਮ ਰਾਜਦੀਪ ਕੌਰ ਬਰਾੜ ਪੀ.ਸੀ.ਐੱਸ. ਨੇ ਪੈਨਸ਼ਨਰ ਡੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ ਅਤੇ ਬਜ਼ੁਰਗਾਂ ਦੇ ਤਜਰਬੇ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਦਾ ਕਾਰਜ ਕਰਦੇ ਹਨ | ਬਜ਼ੁਰਗ ਸਾਡੇ ਸਮਾਜ ਦੇ ਅਣਮੋਲ ਹੀਰੇ ਹੁੰਦੇ ਹਨ | ਸਮਾਗਮ ਦੇ ਅੰਤ ਵਿਚ ਅੱਸੀ ਸਾਲਾਂ ਦੀ ਉਮਰ ਪੂਰੀ ਕਰ ਚੁੱਕੇ 25 ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸ਼ਾਨਦਾਰ ਲੋਈਆਂ ਭੇਂਟ ਕੀਤੀਆਂ ਗਈਆਂ | ਇਸ ਦੇ ਨਾਲ ਹੀ ਇਹਨਾਂ ਨੂੰ ਐਸੋਸੀਏਸ਼ਨ ਵੱਲੋਂ ਮੈਡਮ ਏ.ਡੀ.ਸੀ. ਦੁਆਰਾ ਸ਼ਾਨਦਾਰ ਮੋਮੈਂਟੋ ਵੀ ਭੇਂਟ ਕੀਤੇ ਗਏ | ਸਮਾਗਮ ਦੇ ਅੰਤ ਵਿਚ ਸਭਨਾਂ ਲਈ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ ਗਿਆ ਸੀ |