Sad News : ਟਿਕਰੀ ਬਾਰਡਰ ਤੋਂ ਵਾਪਸ ਆਉਂਦੇ ਹਾਦਸੇ ’ਚ ਜ਼ਖ਼ਮੀ ਹੋਏ ਪਿੰਡ ਆਸਾ ਬੁੱਟਰ ਦੇ ਕਿਸਾਨ ਨੇ ਵੀ ਦਮ ਤੋੜਿਆ, ਦੋ ਦੀ ਪਹਿਲਾਂ ਹੋ ਚੁੱਕੀ ਐ ਮੌਤ
ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਕਿਸਾਨ ਅੰਦੋਲਨ ਦੀ ਸਮਾਪਤੀ ’ਤੇ ਬੀਤੀ 11 ਦਸੰਬਰ ਨੂੰ ਟਿਕਰੀ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਹਿਸਾਰ ਦੇ ਨੇੜੇ ਵਾਪਰੇ ਹਾਦਸੇ ’ਚ ਜ਼ਖ਼ਮੀ ਹੋਏ ਪਿੰਡ ਆਸਾ ਬੁੱਟਰ ਦੇ ਕਿਸਾਨ ਰਘੁਬੀਰ ਸਿੰਘ ਨੇ ਵੀ ਦਮ ਤੋੜ ਦਿੱਤਾ। ਉਹ ਮੋਹਾਲੀ ਦੇ ਮੈਕਸ ਹਸਪਤਾਲ ’ਚ ਦਾਖਲ ਸੀ। ਇਸ ਹਾਦਸੇ ’ਚ ਦੋ ਕਿਸਾਨਾਂ ਦੀ ਪਹਿਲਾਂ ਮੌਤ ਹੋ ਗਈ ਸੀ। ਜਦੋਂਕਿ ਉਕਤ ਕਿਸਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਪਿੰਡ ਆਸਾ ਬੁੱਟਰ ਦੇ ਕਿਸਾਨਾਂ ਦੀ ਬੀਤੀ 11 ਦਸੰਬਰ ਨੂੰ ਅਲ ਸਵੇਰ ਕਰੀਬ ਪੰਜ ਵਜੇ ਹਿਸਾਰ ਦੇ ਨੇੜੇ ਟਰੈਕਟਰ-ਟਰਾਲੀ ਨੂੰ ਪਿੱਛੋਂ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ ਸੀ। ਇਹ ਕਿਸਾਨ ਅੰਦੋਲਨ ਦੀ ਸਮਾਪਤੀ ’ਤੇ ਜਸ਼ਨ ਮਨਾਉਂਦੇ ਹੋਏ ਬੀਤੀ 10 ਦਸੰਬਰ ਦੀ ਰਾਤ ਨੂੰ ਆਪਣੇ ਪਿੰਡ ਆਸਾ ਬੁੱਟਰ ਲਈ ਵਾਪਸ ਚੱਲੇ ਸਨ। ਇਸ ਹਾਦਸੇ ’ਚ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਅਜੈਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦੋਂ ਕਿ 55 ਸਾਲਾ ਰਘੁਬੀਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਿਸਾਰ ਦੇ ਹਸਪਤਾਲ ਤੋਂ ਬਾਅਦ ਮੋਹਾਲੀ ਦੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟ ਲੱਗੀ ਹੋਣ ਕਾਰਨ ਬੀਤੇ ਸ਼ਨਿਚਰਵਾਰ ਦੀ ਰਾਤ ਰਘੁਬੀਰ ਸਿੰਘ ਦੀ ਮੌਤ ਹੋ ਗਈ। ਰਘੁਬੀਰ ਸਿੰਘ ਛੋਟਾ ਕਿਸਾਨ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਕਿਸਾਨ ਅੰਦੋਲਨ ਦੌਰਾਨ ਉਹ ਜ਼ਿਆਦਾਤਰ ਸਮਾਂ ਟਿਕਰੀ ਬਾਰਡਰ ’ਤੇ ਹੀ ਰਿਹਾ ਸੀ। ਉਸ ਦੀ ਮੌਤ ਨਾਲ ਆਸਾ ਬੁੱਟਰ ਦੇ ਮ੍ਰਿਤਕ ਕਿਸਾਨਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪਿੰਡ ’ਚ ਉਸ ਦੀ ਮੌਤ ਨੂੰ ਲੈ ਕੇ ਸੋਗ ਦੀ ਲਹਿਰ ਹੈ।