ਹੁਣ ਤੱਕ ਕਿੰਨਿਆਂ ਨੂੰ ਮਿਲਿਆ 2021 ਰੈਜ਼ੀਡੈਂਟ ਵੀਜ਼ਾ?
How many have got 2021 resident visa so far?
ਹੁਣ ਤੱਕ ਕਿੰਨਿਆਂ ਨੂੰ ਮਿਲਿਆ 2021 ਰੈਜ਼ੀਡੈਂਟ ਵੀਜ਼ਾ?
ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 21 ਦਿਨਾਂ ’ਚ 881 ਲੋਕਾਂ ਨੂੰ ਦਿੱਤਾ ਗਿਆ ‘ਰੈਜ਼ੀਡੈਂਟ ਵੀਜ਼ਾ’ ਔਸਤਨ ਰੋਜ਼ਾਨਾ 25 ਅਰਜ਼ੀਆਂ ਮੰਜ਼ੂਰ ਅਤੇ 42 ਲੋਕ ਹੋ ਰਹੇ ਹਨ ਪੱਕੇ
ਔਕਲੈਂਡ 22 ਦਸੰਬਰ, 2021: ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਪਹਿਲੀ ਦਸੰਬਰ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਸਨ। ਸਰਕਾਰ ਦਾ ਮੰਨਣਾ ਸੀ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ 185,000 ਤੋਂ ਵੱਧ ਲੋਕਾਂ ਨੂੰ ਇਕ ਸਾਲ ਅੰਦਰ ਪੱਕਿਆ ਕੀਤਾ ਜਾਵੇਗਾ। ਇਮੀਗ੍ਰੇਸ਼ਨ ਨੇ ਵਾਅਦਾ ਕੀਤਾ ਸੀ ਕਿ ਉਹ ਜਿੰਨੀ ਤੇਜ਼ੀ ਹੋ ਸਕੀ ਓਨੀ ਤੇਜ਼ੀ ਨਾਲ ਕੰਮ ਕਰਨਗ॥ ਇਸ ਪੱਤਰਕਾਰ ਵੱਲੋਂ ਇਮੀਗ੍ਰੇਸ਼ਨ ਨਾਲ ਤਾਲਮੇਲ ਕਰਕੇ ਕੁਝ ਜਾਣਕਾਰੀ ਇਕੱਠੀ ਕੀਤੀ ਗਈ ਹੈ ਜੋ ਕਿ ਇਮੀਗ੍ਰੇਸ਼ਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਪ੍ਰਗਟਾਉਂਦੀ ਹੈ।
ਪਹਿਲਾ ਹਫਤਾ: (1-7 ਦਸੰਬਰ) ਇਸ ਹਫਤੇ ਦੌਰਾਨ ਸਭ ਤੋਂ ਜਿਆਦਾ ਅਰਜ਼ੀਆਂ (9443) ਪ੍ਰਾਪਤ ਹੋਈਆਂ ਜਿਨ੍ਹਾਂ ਵਿਚ 21,797 ਲੋਕ ਸ਼ਾਮਿਲ ਸਨ। ਇਨ੍ਹਾਂ ਵਿਚੋਂ 11 ਅਰਜ਼ੀਆਂ ਮੰਜੂਰ ਹੋਈਆਂ ਅਤੇ 17 ਲੋਕਾਂ ਦੇ ਵੀਜੇ ਲੱਗੇ।
ਦੂਜਾ ਹਫਤਾ: (8-14 ਦਸੰਬਰ) ਇਸ ਹਫਤੇ ਦੌਰਾਨ 1427 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚ 3847 ਲੋਕ ਸ਼ਾਮਿਲ ਸਨ। ਇਨ੍ਹਾਂ ਵਿਚੋਂ 77 ਅਰਜ਼ੀਆਂ ਮੰਜੂਰ ਹੋਈਆਂ ਅਤੇ 108 ਲੋਕਾਂ ਦੇ ਵੀਜੇ ਲੱਗੇ।
ਤੀਜਾ ਹਫਤਾ: (15-21 ਦਸੰਬਰ) ਇਸ ਹਫਤੇ ਦੌਰਾਨ 722 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚ 1885 ਲੋਕ ਸ਼ਾਮਿਲ ਸਨ। ਇਨ੍ਹਾਂ ਵਿਚੋਂ 418 ਅਰਜ਼ੀਆਂ ਮੰਜ਼ੂਰ ਹੋਈਆਂ ਅਤੇ 756 ਲੋਕਾਂ ਦੇ ਰੈਜੀਡੈਂਸ ਵੀਜ਼ੇ ਲੱਗੇ।
ਕੁੱਲ ਜੋੜ: 21 ਦਸੰਬਰ ਸਵੇਰੇ 10 ਤੱਕ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਹੁਣ ਤੱਕ 11,592 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚ 27529 ਲੋਕ ਸ਼ਾਮਿਲ ਹਨ। 506 ਅਰਜ਼ੀਆਂ ਮੰਜ਼ੂਰ ਹੋ ਗਈਆਂ ਹਨ ਅਤੇ 881 ਲੋਕ ਪੱਕੇ ਹੋ ਗਏ ਹਨ।