Muktsar ਫ਼ੌਜੀ ਦੇ ਛੁੱਟੀ ਕੱਟ ਕੇ ਜਾਣ ਮਗਰੋਂ ਪਤਨੀ ਦੀ ਅੱਗ ਲੱਗਣ ਕਾਰਨ ਮੌਤ, ਸਹੁਰੇ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ
ਸ੍ਰੀ ਮੁਕਤਸਰ ਸਾਹਿਬ : ਵਿਆਹੁਤਾ ਔਰਤ ਨੂੰ ਕਥਿਤ ਤੌਰ ’ਤੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੀੜਤਾ ਵਿਹੜੇ ’ਚ ਡਿੱਗ ਪਈ ਤਾਂ ਆਂਢੀਆਂ¸ ਗੁਆਂਢੀਆਂ ਨੇ ਅੱਗ ਬੁਝਾਈ ਤੇ ਹਸਪਤਾਲ ਲੈ ਗਏ। ਜਦੋਂ ਉਸਦਾ ਪਿਤਾ ਹਰਦੇਵ ਸਿੰਘ ਉਸਦਾ ਪਤਾ ਲੈਣ ਹਸਪਤਾਲ ਆਇਆ ਤਾਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਪੁਲਿਸ ਨੇ ਸੱਸ, ਸਹੁਰੇ ਸਮੇਤ ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਗਿਆ ਹੈ ਕਿ ਰਾਜਵਿੰਦਰ ਕੌਰ ਦਾ ਵਿਆਹ ਫ਼ੌਜੀ ਸੁਰਿੰਦਰ ਸਿੰਘ ਵਾਸੀ ਕੋਟਭਾਈ ਨਾਲ ਹੋਇਆ ਸੀ। ਵਿਆਹ ਪਿੱਛੋਂ ਉਹ ਛੁੱਟੀ ਕੱਟ ਕੇ ਡਿਊਟੀ ’ਤੇ ਚਲਾ ਗਿਆ ਤਾਂ ਸਹੁਰਾ ਪਰਿਵਾਰ ਨੂੁੰਹ ਨੂੰ ਸਤਾਉਣ ਲੱਗਿਆ। ਫਿਰ ਰਾਜਵਿੰਦਰ ਆਪਣੇ ਪਤੀ ਨਾਲ ਪਠਾਨਕੋਟ ਸਰਕਾਰੀ ਕੁਆਟਰ ਵਿਚ ਰਹਿਣ ਲੱਗੀ। 19 ਦਸੰਬਰ ਨੂੰ ਵਿਆਹੁਤਾ ਨੂੰ ਲੱਗਾ ਸੀ ਕਿ ਉਸ ਦੇ ਵਿਰੁੱਧ ਕੋਈ ਸਾਜ਼ਿਸ਼ ਕੀਤੀ ਜਾ ਰਹੀ ਹੈ। ਦੋਸ਼ ਲਾਏ ਗਏ ਹਨ ਕਿ ਕਰੀਬ ਸਵਾ 11 ਵਜੇ ਰਾਜਵਿੰਦਰ ਘਰ ਵਿਚ ਬਣੇ ਸ਼ੈੱਡ ਥੱਲੇ ਖੜ੍ਹੀ ਸੀ ਤਾਂ ਉਸ ਦੀ ਸੱਸ ਹਰਵਿੰਦਰ ਕੌਰ ਨੇ ਉਸ ਉੱਪਰ ਤੇਲ ਪਾ ਕੇ ਅੱਗ ਲਗਾ ਦਿੱਤੀ। ਕੋਟਭਾਈ ਪੁਲਿਸ ਨੇ ਮਿ੍ਤਕ ਔਰਤ ਦੇ ਪਿਤਾ ਦੇ ਬਿਆਨਾਂ ’ਤੇ ਬਲਜਿੰਦਰ ਸਿੰਘ ਪੱਪੂ, ਸੰਨੀ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ ਦੀਪਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।