ਮੁਕਤਸਰ ਵਿਕਾਸ ਮਿਸ਼ਨ ਸੰਸਥਾ ਨੂੰ ਕੀਤਾ ਸਨਮਾਨਿਤ
ਸਮਾਜ ਦੇ ਭਲੇ ਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਦਿੱਲੀ ਦੇ ਬਾਰਡਰਾਂ ‘ਤੇ ਚਲਾਏ ਗਏ ਕਿਸਾਨ ਅੰਦੋਲਨ ਦੀ ਸ਼ੁਰੂ ਤੋਂ ਹੀ ਹਮਾਇਤ ਕੀਤੀ ਸੀ।
ਸਥਾਨਕ ਤੇ ਨੇੜਲੇ ਇਲਾਕਿਆਂ ‘ਚ ਕਿਸਾਨਾਂ ਵੱਲੋਂ ਲਗਾਏ ਗਏ ਰੋਸ ਧਰਨਿਆਂ ‘ਚ ਸ਼ਾਮਲ ਹੋ ਕੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ। ਆਪਣੇ ਵਿੱਤ ਮੁਤਾਬਿਕ ਆਰਥਿਕ ਸਹਿਯੋਗ ਵੀ ਦਿੱਤਾ ਸੀ। ਕਿਸਾਨ ਅੰਦੋਲਨ ਦੀ ਜਿੱਤ ਤੇ ਸਫਲਤਾ ਲਈ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਵੀ ਕੀਤੀ ਸੀ। ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਤੇ ਹਿਮਾਇਤ ਲਈ ਕਿਸਾਨ ਆਗੂਆਂ ਵੱਲੋਂ ਮਿਸ਼ਨ ਦੀ ਪ੍ਰਸੰਸਾ ਕੀਤੀ ਗਈ ਸੀ।
ਇਸੇ ਤਰਾਂ੍ਹ ਪ੍ਰਸਿਧ ਕਾਰੋਬਾਰੀ ਡਾ. ਉਬਰਾਏ ਦੀ ਅਗਵਾਈ ਹੇਠ ਚਲਾਈ ਜਾ ਰਹੀ ਦੁਨੀਆਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਮੁਕਤਸਰ ਵਿਕਾਸ ਮਿਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਤੇ ਸਨਮਾਨ ਕੀਤਾ। ਇਸ ਸਬੰਧੀ ਸਥਾਨਕ ਸਿਟੀ ਹੋਟਲ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਟਰੱਸਟ ਦੇ ਜਿਲਾ ਪ੍ਰਧਾਨ ਅਰਵਿੰਦਰ ਬੱਬੂ ਚਾਹਲ, ਜਤਿੰਦਰ ਸਿੰਘ ਕੈਂਥ, ਡਾ. ਕੁੰਦਨ ਬਾਂਸਲ, ਰਣਧੀਰ ਸਿੰਘ ਸੱਗੂ, ਪਿੰ੍. ਬਲਜੀਤ ਸਿੰਘ ਮਾਨ ਤੇ ਅਸ਼ੋਕ ਕੁਮਾਰ ਆਦਿ ਮੌਜੂਦ ਸਨ। ਇਸ ਮੌਕੇ ਟਰੱਸਟ ਵੱਲੋਂ ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਸਮੁੱਚੇ ਮਿਸ਼ਨ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਪ੍ਰਧਾਨ ਸ੍ਰੀ ਚਹਿਲ ਨੇ ਵਿਕਾਸ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਸ਼ਲਾਘਾ ਕੀਤੀ।
ਮੀਟਿੰਗ ਦੌਰਾਨ ਮਿਸ਼ਨ ਦੇ ਚੀਫ਼ ਪੈਟਰਨ ਗੁਰਚਰਨ ਸਿੰਘ ਸੰਧੂ, ਚੇਅਰਮੈਨ ਹਨੀ ਫੱਤਣਵਾਲਾ, ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਤੇ ਡਾ. ਸੁਰਿੰਦਰ ਗਿਰਧਰ ਸਮੇਤ ਕਈ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਨਾਂ੍ਹ ਦੀ ਸੰਸਥਾ ਕਿਸੇ ਵੀ ਜ਼ਿਆਦਤੀ ਦੇ ਵਿਰੁੱਧ ਆਵਾਜ਼ ਉਠਾਉਂਦੀ ਰਹੀ ਹੈ ਤੇ ਭਵਿੱਖ ‘ਚ ਵੀ ਇਹ ਨੀਤੀ ਜਾਰੀ ਰਹੇਗੀ।