ਰਾਜਨੀਤੀ ਦੇ ਖੇਤਰ ਵਿੱਚ ਮਹਿਲਾਵਾਂ ਪਹਿਲਾਂ ਦੇ ਮੁਕਾਬਲੇ ਵਧੇਰੇ ਸਰਗਰਮ : ਬਲਵੀਰ ਰਾਣੀ ਸੋਢੀ
ਸ਼੍ਰੀ ਮੁਕਤਸਰ ਸਾਹਿਬ, 30 ਦਸੰਬਰ ( ਮਨਪ੍ਰੀਤ ਮੋਨੂੰ ) ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਬਲਬੀਰ ਰਾਣੀ ਸੋਢੀ ਵੱਲੋਂ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਦੌਰਾ ਕੀਤਾ ਗਿਆ |
ਇਸ ਦੌਰਾਨ ਉਨ੍ਹਾਂ ਨੇ ‘ਧੀ ਪੰਜਾਬ ਦੀ ਹੱਕ ਆਪਣਾ ਜਾਣਦੀ’ ਮੁਹਿੰਮ ਦਾ ਪ੍ਰਚਾਰ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਦੀਆਂ ਮਹਿਲਾਵਾਂ ਕਾਂਗਰਸ ਦੇ ਮੈਨੀਫੈਸਟੋ ਵਿਚ ਆਪਣੇ ਲਈ ਕੀ ਚਾਹੁੰਦੀਆਂ ਹਨ, ਬਾਰੇ ਪਤਾ ਕਰਨਾ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਤਰਫੋਂ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਬੱਸ ਦਾ ਕਿਰਾਇਆ ਮੁਫ਼ਤ ਕੀਤਾ ਅਤੇ ਇਸ ਤੋਂ ਇਲਾਵਾ ਜਿਹੜੀਆਂ ਮਹਿਲਾਵਾਂ ਲੋਕਾਂ ਦੇ ਨੁਮਾਇੰਦਿਆਂ ਦੇ ਤੌਰ ਤੇ ਕੰਮ ਕਰ ਰਹੀਆਂ ਨੇ ਜਿਵੇਂ ਪੰਚ , ਸਰਪੰਚ ਬਲਾਕ ਸੰਮਤੀ ਮੈਂਬਰ, ਕੌਂਸਲਰ ਹਨ, ਜੇਕਰ ਉਨ੍ਹਾਂ ਨੂੰ ਸਬੰਧਤ ਥਾਣੇ ਵਿਚ ਲੋਕਾਂ ਅੰਦਰ ਔਰਤਾਂ ਦੇ ਮਸਲੇ ਹੱਲ ਕਰਵਾਉਣ ਦੌਰਾਨ ਘਰ ਜਾਣ ਦੇ ਵਿਚ ਦੇਰੀ ਹੋ ਜਾਂਦੀ ਹੈ ਤਾਂ ਵਿਸੇਸ ਤੌਰ ਤੇ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਉਹ ਉਸ ਥਾਣੇ ਵਿੱਚੋਂ ਬਕਾਇਦਾ ਸਰਕਾਰੀ ਵਾਹਨ ਤੇ ਉਸ ਮਹਿਲਾ ਨੁਮਾਇੰਦਾ ਨੂੰ ਘਰ ਪਹੁੰਚਾਇਆ ਜਾਵੇ
ਮੈਡਮ ਬਲਬੀਰ ਰਾਣੀ ਸੋਢੀ ਨੇ ਸਪੱਸ਼ਟ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਇਨ੍ਹਾਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੌਰਾਨ ਔਰਤ ਦੀ ਵਿਸ਼ਾਲ ਇਕੱਤਰਤਾ ਇਹ ਸਾਫ਼ ਦਰਸਾਉਂਦੀ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਦੁਆਰਾ ਮਹਿਲਾਵਾਂ ਦੇ ਹੱਕ ਵਿਚ ਸੰਜੀਦਗੀ ਨਾਲ ਫੈਸਲੇ ਲੈ ਰਹੀ ਹੈ | ਇਸ ਮੌਕੇ ਤੇ ਮੈਡਮ ਬਲਬੀਰ ਰਾਣੀ ਸੋਢੀ ਦੀ ਤਰਫੋਂ ‘ਧੀ ਪੰਜਾਬ ਦੀ ਆਪਣਾ ਹੱਕ ਜਾਣਦੀ ‘ ਨਾਲ ਸੰਬੰਧਤ ਮੁਹਿੰਮ ਦਾ ਪੋਸਟਰ ਵੀ ਰਿਲੀਜ ਕੀਤਾ ਗਿਆ | ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਜਿਹੜਾ ਚੋਣ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਹੈ ਉਸ ਵਿਚ ਪੰਜਾਬ ਭਰ ਦੀਆਂ ਮਹਿਲਾਵਾਂ ਤੋਂ ਸੁਝਾਅ ਮੰਗੇ ਗਏ ਹਨ ਕਿ ਇਸ ਚੋਣ ਮੈਨੀਫੈਸਟੋ ਚ ਕੀ ਕੁਝ ਮਹਿਲਾਵਾਂ ਦੇ ਲਈ ਹੋਣਾ ਚਾਹੀਦਾ ਹੈ | ਮੈਡਮ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਔਰਤਾਂ ਅੱਜ ਪਹਿਲਾਂ ਦੇ ਮੁਕਾਬਲੇ ਰਾਜਨੀਤੀ ਦੇ ਖੇਤਰ ਵਿੱਚ ਵਧੇਰੇ ਸਰਗਰਮ ਹਨ ਅਤੇ ਇਹ ਬਦਲਾਅ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਵੱਲੋਂ ਹੀ ਲਿਆਂਦਾ ਗਿਆ ਹੈ |
ਇਸ ਮੁਹਿੰਮ ਦੌਰਾਨ ਜਿਥੇ ਮਹਿਲਾਵਾਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਉੱਥੇ ਹੀ ਮੈਡਮ ਬਲਬੀਰ ਰਾਣੀ ਸੋਢੀ ਨੇ ਔਰਤਾਂ ਨੂੰ ਮਜਬੂਤ ਕਰਨ ਲਈ ਆਪਣੇ ਸ਼ਬਦਾਂ ਦੇ ਰਾਜੇ ਵੀ ਉਨ੍ਹਾਂ ਵਿੱਚ ਜੋਸ਼ ਭਰਿਆ | ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਗੁਰਵਿੰਦਰ ਕੌਰ ਪਤੰਗਾ, ਮੈਡਮ ਪਰਵੀਨ- ਜ਼ਿਲ੍ਹਾ ਮੀਤ ਪ੍ਰਧਾਨ, ਕਵਿਤਾ ਰਾਣੀ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਨਾਲ ਸਬੰਧਤ ਨੇਤਾ ਹਾਜਰ ਸਨ |