ਪ੍ਰਮਾਤਮਾ ਦਾ ਸਦਾ ਕਰੋ ਸ਼ੁਕਰ, ਨਹੀਂ ਰਹਿੰਦਾ ਕੋਈ ਫਿਕਰ : ਭਗਤ ਸ਼ੰਮੀ ਚਾਵਲਾ
ਸ਼੍ਰੀ ਮੁਕਤਸਰ ਸਾਹਿਬ, 30 ਦਸੰਬਰ ( ਮਨਪ੍ਰੀਤ ਮੋਨੂੰ ) ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ਵਜੋਂ ਸਮੁੱਚੇ ਇਲਾਕੇ ਵਿਚ ਜਾਣੇ ਜਾਂਦੇ ਸਥਾਨਕ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਵਿਖੇ ਅੱਜ ਵੀਰਵਾਰ ਨੂੰ ਸਾਲ ਦਾ ਆਖਰੀ ਸਪਤਾਹਿਕ ਸਤਿਸੰਗ ਆਯੋਜਿਤ ਕੀਤਾ ਗਿਆ |
ਡੇਰੇ ਦੀ ਸੇਵਾ ਸੰਭਾਲ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਦੀ ਦੇਖ ਰੇਖ ਅਤੇ ਅਗਵਾਈ ਹੇਠ ਹੋਏ ਇਸ ਸਤਿਸੰਗ ਦੌਰਾਨ ਬਾਊ ਜੀ ਦੇ ਸਪੁੱਤਰ ਗਗਨਦੀਪ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਮਰਦ ਅਤੇ ਔਰਤਾਂ ਨੇ ਭਾਗ ਲਿਆ | ਸਭ ਤੋਂ ਪਹਿਲਾਂ ਬਾਊ ਜੀ ਵੱਲੋਂ ਬ੍ਰਹਮ ਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਵਿਚ ਅਰਦਾਸ ਕਰਕੇ ਕੀਤੀ ਸਤਿਸੰਗ ਦੀ ਸ਼ੁਰੂਆਤ ਕੀਤੀ ਗਈ | ਉਪਰੰਤ ਬਾਊ ਜੀ ਨੇ ਪੂਰਨ ਵਿਧੀ ਵਿਧਾਨ ਨਾਲ ਸੰਗਤਾਂ ਨੂੰ ਵੀਰਵਾਰ ਦੀ ਕਥਾ ਸਰਵਣ ਕਰਵਾਈ ਅਤੇ ਇਸ ਉਪਰ ਚੱਲਣ ਦੀ ਪ੍ਰੇਰਣਾ ਦਿੱਤੀ | ਬਾਅਦ ਵਿਚ ਬਾਊ ਜੀ ਨੇ ਆਪਣੇ ਮੁਖਾਰਬਿੰਦ ਤੋਂ ਪ੍ਰਵਚਨਾਂ ਦੀ ਅੰਮਿ੍ਤ ਵਰਖਾ ਕਰਦੇ ਹੋਏ ਫਰਮਾਇਆ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਕੋਲ ਸਭਨਾਂ ਦਾ ਭਲਾ ਮੰਗਣਾ ਚਾਹੀਦਾ ਹੈ |
ਜੋ ਵਿਅਕਤੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸੋਚਦਾ ਹੈ, ਅਜਿਹੇ ਵਿਅਕਤੀਆਂ ਨੂੰ ਪ੍ਰਮਾਤਮਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ | ਸਭਨਾ ਨੂੰ ਆਪਸੀ ਭਾਈਚਾਰਾ ਅਤੇ ਪ੍ਰੇਮ ਪਰਮ ਫਰਜ ਵਜੋਂ ਨਿਭਾਉਣਾ ਚਾਹੀਦਾ ਹੈ | ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ | ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਕਦੇ ਕੋਈ ਚਿੰਤਾ ਜਾਂ ਫਿਕਰ ਨਹੀਂ ਰਹਿੰਦਾ | ਲੰਘ ਰਹੇ ਵਰ੍ਹੇ ਦੌਰਾਨ ਕਿਸਾਨ ਅੰਦੋਲਨ, ਕੋਰੋਨਾ ਅਤੇ ਹੋਰਨਾਂ ਕਾਰਣਾ ਕਰਕੇ ਸੰਸਾਰ ਨੂੰ ਅਲਵਿਦਾ ਕਹਿ ਗਏ ਵਿਅਕਤੀਆਂ ਨੂੰ ਬਾਊ ਜੀ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ | ਆਪਣੇ ਪ੍ਰਵਚਨਾਂ ਦੌਰਾਨ ਬਾਊ ਜੀ ਨੇ ਅੱਗੇ ਫਰਮਾਇਆ ਕਿ ਨਵੇਂ ਵਰ੍ਹੇ ਵਿਚ ਸਾਨੂੰ ਸਾਰਿਆਂ ਨੂੰ ਪਿਛਲੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਨਾ ਚਾਹੀਦਾ ਹੈ |
ਜਾਣਕਾਰੀ ਦਿੰਦੇ ਹੋਏ ਡੇਰਾ ਕਮੇਟੀ ਦੇ ਚੀਫ ਆਰਗੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਬਾਊ ਜੀ ਦੇ ਆਦੇਸ਼ ਅਨੁਸਾਰ ਡੇਰੇ ਵਿਚ ਆਉਂਦੀ ਪਹਿਲੀ ਜਨਵਰੀ ਸ਼ਨੀਵਾਰ ਨੂੰ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਜਾਪ ਕੀਤਾ ਜਾਵੇਗਾ | ਉਪਰੰਤ ਚਾਹ ਦਾ ਲੰਗਰ ਵਰਤਾਇਆ ਜਾਵੇਗਾ | ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਅੱਜ ਦੇ ਸਤਿਸੰਗ ਦੇ ਅਖੀਰ ਵਿਚ ਬਾਊ ਜੀ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਭਨਾਂ ਦੇ ਭਲੇ ਲਈ ਅਰਦਾਸ ਕੀਤੀ | ਸਤਿਸੰਗ ਦੀ ਸਮਾਪਤੀ ਉਪਰੰਤ ਸਮੁੱਚੀ ਸੰਗਤ ਨੂੰ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਸੰਤ ਬਾਬਾ ਬੱਗੂ ਭਗਤ ਦਾ ਭੰਡਾਰਾ (ਲੰਗਰ) ਵਰਤਾਇਆ ਗਿਆ |