ਜਿਨਾਂ ਨੁਕਸਾਨ ਕਾਂਗਰਸ ਨੇ ਸੂਬੇ ’ਚ ਕੀਤਾ ਓਨਾਂ ਮੁਗਲਾਂ ਨੇ ਵੀ ਨਹੀਂ ਕੀਤਾ : ਬਾਦਲ
ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਕਿਤੇ ਬੰਬ ਬਲਾਸਟ ਹੋ ਰਿਹਾ ਤੇ ਕਿਤੇ ਸ਼ਰ੍ਹੇਆਮ ਹਮਲੇ ਹੋ ਰਹੇ ਹਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪਿੰਡ ਲੰਬੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਇਨ੍ਹਾਂ ਚੋਣਾਂ ’ਤੇ ਕੋਈ ਅਸਰ ਨਹੀ ਪੈਣਾ ਚੋਣਾਂ ਸਹੀ ਸਮੇਂ ਕਰਵਾਉਣਾ ਚੋਣ ਕਮਿਸ਼ਨ ਦੇ ਹੱਥ ਹੈ। ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਨਿੰਦਾ ਕਰਦੇ ਕਿਹਾ ਕਿ ਸੂਬੇ ਅੰਦਰ ਕਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ, ਇੱਥੇ ਕਨੂੰਨ ਨਾਮ ਦੀ ਕੋਈ ਗੱਲ ਨਹੀਂ ਰਹੀ ਹੈ। ਅੱਜ ਮਜੀਠੀਆ ਮਾਮਲੇ ਦੀ ਹਾਈ ਕੋਰਟ ਵਿਚ ਸੁਣਵਾਈ ਨੂੰ ਲੈ ਕੇ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਬਦਲੇ ਦੀ ਭਾਵਨਾ ਨਾਲ ਹੋਇਆ ਪਰ ਉਨ੍ਹਾਂ ਨੂੰ ਮਾਨਯੋਗ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਗਾਮੀ 2022 ਦੀਆਂ ਚੋਣਾਂ ਸਬੰਧੀ ਲੰਬੀ ਹਲਕੇ ਦਾ ਲਗਾਤਾਰ ਪਿੱਛਲੇ ਦੋ ਦਿਨਾਂ ਤੋਂ ਦੌਰਾ ਕਰ ਰਹੇ ਹਨ। ਸ. ਬਾਦਲ ਨੇ ਅੱਜ ਤੀਜੇ ਦਿਨ ਦੇ ਦੌਰੇ ਦੌਰਾਨ ਲੰਬੀ, ਚਨੂੰ ਗਗੜ ਤੇ ਸਿੰਘੇਵਾਲਾ, ਪਿੰਡਾਂ ਵਿਚ ਬੋਲਦੇ ਹੋਏ ਕਿਹਾ ਸੂਬੇ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕੇ ਕਿਸ ਪਾਰਟੀ ਨੇ ਸੂਬੇ ਦੀ ਭਲਾਈ ਲਈ ਕੰਮ ਕੀਤੇ। ਕਾਂਗਰਸ ਪਾਰਟੀ ’ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਜਿੰਨਾ ਨੁਕਸਾਨ ਕਾਂਗਰਸ ਨੇ ਸੂਬੇ ਦਾ ਧਾਰਮਿਕ ਅਤੇ ਆਰਥਿਕ ਵੱਡਾ ਨੁਕਸਾਨ ਕੀਤਾ ਹੈ ਓਨਾਂ ਮੁਗਲਾਂ, ਅੰਗਰੇਜ਼ਾਂ ਨੇ ਵੀ ਨਹੀਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੁਸੀਂ ਖੁਦ ਫੈਸਲਾ ਕਰਨਾ ਤੁਸੀਂ ਕਿਸ ਪਾਰਟੀ ਦੇ ਹੱਕ ਵਿਚ ਉਤਰਣਾ ਹੈ ਜਿੰਨਾ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸੂਬੇ ਵਿਚ ਕੀਤਾ ਓਨਾਂ ਕਿਸੇ ਹੋਰ ਦੀ ਪਾਰਟੀ ਨੇ ਨਹੀਂ ਕੀਤਾ।