ਚੰਨੀ ਦਾ ਵਿਰੋਧ ਕਰ ਰਹੇ ਠੇਕਾ ਕਾਮਿਆਂ ਨੂੰ ਬਠਿੰਡਾ ਪੁਲਿਸ ਨੇ ਲਾਏ ਜੱਫੇ
ਬਠਿੰਡਾ ਪੁਲਿਸ ਨੇ ਅੱਜ ਰਾਮਪੁਰਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਆਏ ਠੇਕਾ ਮੁਲਾਜਮਾਂ ਦੀ ਧੂਹ ਘੜੀਸ ਕਰਨ ਉਪਰੰਤ ਫੂਲ ਥਾਣੇ ’ਚ ਬੰਦ ਕਰ ਦਿੱਤਾ ਜਿਸ ਦੇ ਵਿਰੋਧ ’ਚ ਠੇਕਾ ਕਾਮਿਆਂ ਨੇ ਸੜਕ ਤੇ ਜਾਮ ਲਾ ਦਿੱਤਾ ਜੋ ਰਿਹਾਈ ਤੋਂ ਬਾਅਦ ਹੀ ਖੋਹਲਿਆ ਗਿਆ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰਾਮਪੁਰਾ ’ਚ ਰੈਲੀ ਸਮੇਤ ਵੱਖ ਵੱਖ ਪ੍ਰੋਗਰਾਮ ਰੱਖੇ ਗਏ ਸਨ। ਆਪਣੇ ਫੈਸਲੇ ਮੁਤਾਬਕ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸਿੰਗ ਠੇਕਾ ਕਾਮਿਆਂ ਵੱਲੋਂ ਵਿਰੋਧ ਦਾ ਐਲਾਨ ਕੀਤਾ ਹੋਇਆ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਨੇ ਰੈਲੀ ਵਾਲੀ ਥਾਂ ਦੇ ਲਾਗੇ ਸਖਤ ਪਹਿਰਾ ਲਾਇਆ ਹੋਇਆ ਸੀ ਅਤੇ ਠੇਕਾ ਮੁਲਾਜਮ ਆਗੂਆਂ ਦੀ ਸ਼ਿਨਾਖਤ ਵਾਸਤੇ ਸੀ ਆਈ ਡੀ ਵੀ ਤਾਇਨਾਤ ਕੀਤੀ ਹੋਈ ਸੀ।
ਪੁਲਿਸ ਪ੍ਰਬੰਧਾਂ ਨੂੰ ਠੇਗਾਂ ਦਿਖਾਉਂਦਿਆਂ ਠੇਕਾ ਕਾਮੇ ਸਧਾਰਨ ਵਰਕਰਾਂ ਦੀ ਤਰਾਂ ਪੰਡਾਲ ’ਚ ਬੈਠ ਗਏ। ਇਸ ਦੌਰਾਨ ਜਿਓਂ ਹੀ ਮੁੱਖ ਮੰਤਰੀ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਕਾਂਗਰਸ ਦੇ ਇੱਕ ਲੀਡਰ ਦੀਆਂ ਭੌਹਾਂ ਤਣ ਗਈਆਂ। ਇਸ ਤੋਂ ਪਹਿਲਾਂ ਕਿ ਉਹ ਪੁਲਿਸ ਨੂੰ ਆਖਦੇ ਇੱਕ ਦੂਸਰੇ ਨੇਤਾ ਨੇ ਉਸ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਆਖ ਦਿੱਤਾ। ਇਸ ਦੌਰਾਨ ਠੇਕਾ ਮੁਲਾਜਮਾਂ ਨੇ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਤਿੱਖਾ ਵਿਰੋਧ ਜਤਾਇਆ ਤਾਂ ਪੁਲਿਸ ਨੇ ਜੱਫੇ ਮਾਰਨੇ ਅਤੇ ਮੂੰਹ ਬੰਦ ਕਰਨੇ ਸ਼ੁਰੂ ਕਰ ਦਿੱਤੇ। ਮੁਲਾਜਮਾਂ ਦੇ ਤੇਵਰਾਂ ਨੂੰ ਦੇਖਦਿਆਂ ਇੱਕ ਐਸ ਪੀ ਨੂੰ ਆਪ ਦਖਲ ਦੇਣਾ ਪਿਆ ਜਿਸ ਦੇ ਹੁਕਮਾ ਤੇ ਪੁਲਿਸ ਮੁਲਾਜਮ ਠੇਕਾ ਕਾਮਿਆਂ ਨੂੰ ਧੂਹ ਘੜੀਸ ਕਰਦਿਆਂ ਬੱਸਾਂ ’ਚ ਬਿਠਾ ਕੇ ਥਾਣੇ ਲੈ ਗਏ।
ਵੱਡੀ ਗੱਲ ਹੈ ਕਿ ਲੇਡੀ ਪੁਲਿਸ ਮੁਲਾਜਮਾਂ ਵੀ ਪਿੱਛੇ ਨਾਂ ਰਹੀਆਂ ਜਿੰਨ੍ਹਾਂ ਨੇ ਠੇਕਾ ਮੁਲਾਜਮਾਂ ਦੇ ਪ੍ਰੀਵਾਰਾਂ ਦੀਆਂ ਔਰਤਾਂ ਦੀ ਖਿੱਚ ਧੂਹ ਵੀ ਕੀਤੀ। ਇਸੇ ਦੌਰਾਨ ਬਾਕੀ ਠੇਕਾ ਮੁਲਾਜਮ ਪ੍ਰੀਵਾਰਾਂ ਸਮੇਤ ਪੁੱਜ ਗਏ ਅਤੇ ਥਾਣੇ ਅੱਗਿਓਂ ਸੜਕ ਜਾਮ ਕਰ ਦਿੱਤੀ। ਇਸ ਮੌਕੇ ਮੁਲਾਜਮ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਤਿੱਖੀ ਤਕਰਾਰ ਵੀ ਹੋਈ ਅਤੇ ਅੰਤ ਨੂੰ ਠੇਕਾ ਮੁਲਾਜਮਾਂ ਨੂੰ ਛੱਡ ਦਿੱਤਾ ਗਿਆ ਤਾਂ ਧਰਨਕਾਰੀਆਂ ਨੇ ਸੜਕ ਚਾਲੂ ਕਰ ਦਿੱਤੀ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ ,ਵਰਿੰਦਰ ਸਿੰਘ ਬੀਬੀ ਵਾਲਾ,ਰਜੇਸ਼ ਕੁਮਾਰ ਮੌੜ ਅਤੇ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮ ‘ਵਿਭਾਗਾਂ ਵਿੱਚ ਰੈਗੂਲਰ ਕਰਨ’ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਥਾਂ ਤੇ ਸਿਰਫ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤੇ ਨਵੇਂ ਐਕਟ “ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021ਲੈਆਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਕਟ ਵਿੱਚੋਂ ਆਊਟਸੋਰਸ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਬਾਹਰ ਕਰਕੇ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜ਼ੋਨ ਬਠਿੰਡਾ,ਪਾਵਰਕਾਮ ਅਤੇ ਟ੍ਰਾਂਸਕੋ ,ਨਰੇਗਾ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ,ਮਗਨਰੇਗਾ,ਬੀ.ਓ.ਸੀ.ਕਿਰਤ ਵਿਭਾਗ ਸਮੇਤ ਹੋਰ ਸਮੂਹ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਇੰਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਸਤਾ ਬੰਦ ਕਰ ਦਿੱਤਾ ਹੈ ਜੋਕਿ ਇੱਕ ਵੱਡਾ ਧੋਖਾ ਹੈ।
ਆਗੂਆਂ ਨੇ ਕਿਹਾ ਕਿ ਇਹ ਨਵਾਂ ਐਕਟ ਸਮੂਹ ਵਿਭਾਗਾਂ ਦੇ ਹਰ ਵਰਗ ਦੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਨਜਰ-ਅੰਦਾਜ ਕਰਕੇ ਕਾਰਪੋਰੇਟੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਸੰਘਰਸ਼ ਤਹਿਤ ਅੱਜ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਪੁੱਜੇ ਸਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਿਲ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮੂਹ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਜਲਦ ਵਿਭਾਗਾਂ ਵਿੱਚ ਰੈਗੂਲਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਪ੍ਰਚੰਡ ਕੀਤਾ ਜਾਵੇਗਾ