ਕਾਂਗਰਸ ਸੂਬੇ ਦੇ ਲੋਕਾਂ ਦੀ ਦੁਸ਼ਮਣ ਪਾਰਟੀ : ਪ੍ਰਕਾਸ਼ ਸਿੰਘ ਬਾਦਲ, ਕਿਹਾ – ਕੇਜਰੀਵਾਲ ਨੂੰ ਪੰਜਾਬ ਦੇ ਜ਼ਿਲ੍ਹਿਆਂ ਤੇ ਪਿੰਡਾਂ ਦਾ ਵੀ ਪੁੂਰਾ ਪਤਾ ਨਹੀਂ
ਕਾਂਗਰਸ ਸੂਬੇ ਦੇ ਲੋਕਾਂ ਦੀ ਦੁਸ਼ਮਣ ਪਾਰਟੀ ਹੈ ਇਸਨੇ ਸੂਬੇ ਦੇ ਲੋਕਾਂ ਦਾ ਆਰਥਿਕ, ਸਿਆਸੀ ਅਤੇ ਧਾਰਮਿਕ ਨੁਕਸਾਨ ਕੀਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਕਬਰਵਾਲਾ ਵਿਖੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਠਿੰਡਾ ਜੇਲ੍ਹ ਵਿੱਚ ਹਵਾਲਾਤੀਆਂ ਵਲੋਂ ਪੁਲਿਸ ਮੁਲਾਜ਼ਮਾਂ ’ਤੇ ਕੀਤੇ ਹਮਲੇ ’ਤੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਬਦਕਿਸਮਤੀ ਹੈ ਇਸ ਸਰਕਾਰ ਕੋਲ ਇਸਨੂੰ ਰੋਕਣ ਦੇ ਕੋਈ ਇੰਤਜ਼ਾਮ ਨਹੀਂ, ਇਹ ਤਾਂ ਖੁਦ ਮੰਨ ਰਹੇ ਹਨ ਕਿ ਬਾਹਰ ਤੋਂ ਅਸਲਾ ਅਤੇ ਨਸ਼ਾ ਆਉਂਦਾ ਹੈ। ਇਨ੍ਹਾਂ ਕੋਲ ਤਾਂ ਸਿਰਫ ਡੀਜੀਪੀ ਬਦਲਣ ਕਰਕੇ ਸਿਰਫ ਮਜੀਠੀਏ ‘ਤੇ ਮਾਮਲਾ ਦਰਜ ਕਰਨਾ ਅਤੇ ਡਰਾਉਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ।
ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਬਾਰੇ ਬੋਲਦੇ ਕਿਹਾ ਕਿ ਜਿਹੜੀ ਟੀਮ ਹੀ ਮਾੜੀ ਹੋਵੇ ਉਸਨੇ ਲੋਕਾਂ ਦੇ ਭਲਾਈ ਦਾ ਕੀ ਕਰਨਾ। ਨਵਜੋਤ ਸਿੱਧੂ ਵਲੋਂ ਚੈਲੰਜ ਕੀਤੇ ਜਾਣ ‘ਤੇ ਪੁੱਛੇ ਜਾਣ ‘ਤੇ ਕਿਹਾ ਕਿ ਮੇਰਾ ਉਸ ਨਾਲ ਕੀ ਕੋਈ ਮੁਕਾਬਲਾ। ਕਾਂਗਰਸ ਸਰਕਾਰ ਵੱਲੋਂ ਆਪਣੀਆਂ ਰੈਲੀਆਂ ਦੌਰਾਨ ਕੀਤੇ ਜਾ ਰਹੇ ਵੱਡੇ ਵੱਡੇ ਵਾਅਦਿਆਂ ’ਤੇ ਬੋਲਦੇ ਕਿਹਾ ਕਿ ਇਹ ਸਿਰਫ ਡਰਾਮੇਬਾਜ਼ੀ ਹੈ, ਚੋਣ ਜ਼ਾਬਤਾ ਲੱਗ ਜਾਣ ਦੇਵੋ ਸਭ ਕੁਝ ਬਦਲ ਜਾਣੇ। ਆਮ ਆਦਮੀ ਪਾਰਟੀ ਤੇ ਕੇਜਰੀਵਾਲ ‘ਤੇ ਬੋਲਦੇ ਕਿਹਾ ਕਿ ਉਸ ਨੂੰ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਅਤੇ ਪਿੰਡਾਂ ਦਾ ਵੀ ਪੂਰਾ ਪਤਾ ਨਹੀਂ ਤੇ ਏਨਾਂ ਨੂੰ ਆਪਣੇ ਨਾਲ ਕੋਈ ਹਮਦਰਦੀ ਨਹੀਂ। ਬਾਦਲ ਵੱਲੋਂ ਲਗਾਤਰ ਆਪਣੇ ਜੱਦੀ ਹਲਕਾ ਲੰਬੀ ਦੇ ਪਿੰਡਾਂ ਵਿਚ ਦੌਰੇ ਕਰਕੇ ਲੋਕਾਂ ਨੂੰ 2022 ਦੀਆਂ ਚੋਣਾਂ ਦੇ ਸਬੰਧੀ ਵੋਟਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਬਾਦਲ ਨੇ ਅੱਜ ਚੌਥੇ ਦਿਨ ਦੇ ਦੌਰੇ ਦੌਰਾਨ ਹਲਕੇ ਦੇ ਪਿੰਡ ਕੋਲਿਆਂਵਾਲੀ, ਸ਼ਾਮ ਖੇੜਾ, ਡੱਬਵਾਲੀ ਢਾਬ, ਕਬਰਵਾਲਾ, ਬੋਦੀਵਾਲਾ ਆਦਿ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕੀਤਾ।