ਅੱਜ ਰਾਤ 12 ਵਜੇ ਤਕ ਹਰ ਹਾਲ ‘ਚ ਦਾਖ਼ਲ ਕਰੋ ਰਿਟਰਨ, ਵਿੱਤ ਮੰਤਰਾਲੇ ਦਾ ਐਲਾਨ- ITR ਭਰਨ ਦੀ ਆਖਰੀ ਤਰੀਕ ਨਹੀਂ ਵਧੇਗੀ
ਸਰਕਾਰ ਨੇ ਅੱਜ ਦੁਹਰਾਇਆ ਹੈ ਕਿ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ‘ਚ ਹੋਰ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਦੇ ਸਕੱਤਰ ਤਰੁਣ ਬਜਾਜ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕਰਦਿਆਂ ਦੱਸਿਆ ਕਿ ਆਮਦਨ ਕਰ ਵਿਭਾਗ ਦਾ ਨਵਾਂ ਪੋਰਟਲ ਹੁਣ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਬੀਤੇ ਦਿਨ ਬਾਅਦ ਦੁਪਹਿਰ 3 ਵਜੇ ਤਕ 5.62 ਕਰੋੜ ਰਿਟਰਨ ਭਰੇ ਜਾ ਚੁੱਕੇ ਹਨ। ਪਿਛਲੇ ਇੱਕ ਘੰਟੇ ਵਿੱਚ 3.44 ਲੱਖ ਰਿਟਰਨ ਫਾਈਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਖਰੀ ਦਿਨ ਤਕ 4.93 ਕਰੋੜ ਰਿਟਰਨ ਦਾਇਰ ਕੀਤੇ ਗਏ ਸਨ ਤੇ ਇਸ ਸਾਲ ਦੁਪਹਿਰ 3 ਵਜੇ ਤਕ ਕਰੀਬ 60 ਲੱਖ ਹੋਰ ਰਿਟਰਨ ਦਾਖਲ ਕੀਤੇ ਜਾ ਚੁੱਕੇ ਹਨ ਅਤੇ ਰਾਤ 12 ਵਜੇ ਤਕ ਕਰੀਬ 20 ਲੱਖ ਹੋਰ ਰਿਟਰਨ ਦਾਖਲ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅੱਜ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਸਵੇਰੇ 11.30 ਵਜੇ ਤਕ 5.5 ਕਰੋੜ ਤੋਂ ਵੱਧ ਰਿਟਰਨ ਦਾਖਲ ਕੀਤੇ ਜਾ ਚੁੱਕੇ ਹਨ। ਸਵੇਰੇ ਇਕ ਘੰਟੇ ਵਿੱਚ 2.15 ਲੱਖ ਰਿਟਰਨ ਭਰੇ ਗਏ।