ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ ਜਾਵੇ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 11 ਜਨਵਰੀ ( ਮਨਪ੍ਰੀਤ ਮੋਨੂੰ ) ਦੇਸ਼ ਦੇ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 14 ਫਰਵਰੀ ਦੀ ਤਰੀਕ ਨਿਸ਼ਚਤ ਕੀਤੀ ਗਈ ਹੈ |
ਸਮਤਾ, ਸਮਾਨਤਾ, ਮਾਨਵਤਾ ਅਤੇ ਭਾਈਚਾਰੇ ਦੇ ਅਲੰਬਰਦਾਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਉਤਸਵ ਆਉਂਦੀ 16 ਫਰਵਰੀ ਨੂੰ ਹੈ | ਇਹ ਪਵਿੱਤਰ ਦਿਨ ਸਤਿਗੁਰੂ ਜੀ ਦੇ ਪਵਿੱਤਰ ਜਨਮ ਸਥਾਨ ਸੀਰ ਗਵਰਧਨਪੁਰ (ਕਾਂਸ਼ੀ) ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ | ਪੰਜਾਬ ਸਮੇਤ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਨਤਮਸਤਕ ਹੁੰਦੀਆਂ ਹਨ | ਡੇਰਾ ਸੱਚ ਖੰਡ ਬੱਲਾ (ਜਲੰਧਰ) ਦੇ ਗੱਦੀ ਨਸ਼ੀਨ ਅਤੇ ਰੂਹਾਨੀ ਸੰਤ ਨਿਰੰਜਣ ਦਾਸ ਜੀ ਮਹਾਰਾਜ ਖੁਦ ਇਸ ਸਥਾਨ ‘ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਹਨ |
ਸਥਾਨਕ ਮਾਲਵਾ ਲੰਗਰ ਕਮੇਟੀ (ਰਜਿ.) ਵੱਲੋਂ ਕਰੀਬ 12 ਸਾਲਾਂ ਤੋਂ ਸਤਿਗੁਰੂ ਜੀ ਦੇ ਪਵਿੱਤਰ ਜਨਮ ਅਸਥਾਨ ਵਿਖੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾਂਦਾ ਹੈ | ਜਿਲੇ ਭਰ ਵਿਚ ਕਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੇਵਾਦਾਰ ਇਸ ਵਿਚ ਸ਼ਾਮਲ ਹੁੰਦੇ ਹਨ | ਮਾਲਵਾ ਲੰਗਰ ਕਮੇਟੀ ਦੇ ਜਨਰਲ ਸਕੱਤਰ ਅਤੇ ਇਲਾਕੇ ਦੇ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਤਿਗੁਰੂ ਰਵਿਦਾਸ ਜੀ ਦੇ ਨਾਮਲੇਵਾ ਸ਼ਰਧਾਲੂ 10 ਫਰਵਰੀ ਤੋਂ ਹੀ ਬਨਾਰਸ ਵਿਖੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਤੇ 16 ਫਰਵਰੀ ਤੱਕ ਉਥੇ ਹੀ ਰਹਿੰਦੇ ਹਨ |
ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਬਹੁਤ ਵੱਡੀ ਗਿਣਤੀ ਵਿਚ ਵੋਟਰ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਣਗੇ | ਢੋਸੀਵਾਲ ਨੇ ਇਲੈਕਸ਼ਨ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਕੇ ਦਸ ਫਰਵਰੀ ਤੋਂ ਪਹਿਲਾਂ ਜਾਂ ਸੋਲਾਂ ਫਰਵਰੀ ਤੋਂ ਬਾਦ ਨਿਸ਼ਚਤ ਕੀਤੀ ਜਾਵੇ ਤਾਂ ਜੋ ਵੱਡੀ ਗਿਣਤੀ ਵਿਚ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਦਾ ਮੌਕਾ ਮਿਲ ਸਕੇ | ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਇਸ ਸਬੰਧ ਵਿਚ ਜਲਦੀ ਹੀ ਮਾਲਵਾ ਲੰਗਰ ਕਮੇਟੀ ਵੱਲੋਂ ਜਿਲਾ ਪ੍ਰਸ਼ਾਸਨ ਰਾਹੀਂ ਦੇਸ਼ ਦੇ ਇਲੈਕਸ਼ਨ ਕਮਿਸ਼ਨਰ ਨੂੰ ਮੰਗ ਪੱਤਰ ਦਿਤਾ ਜਾਵੇਗਾ |