ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਬਾਰੇ ਆਪ ਜੱਕੋ-ਤੱਕੀ ’ਚ, ਕੇਜਰੀਵਾਲ ਨੇ ਫ਼ੈਸਲਾ ਲੋਕਾਂ ’ਤੇ ਸੁੱਟਿਆ
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਪੰਜਾਬ ਦੇ ਲੋਕਾਂ ’ਤੇ ਸੁੱਟ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਪਾਰਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਜੱਕੋ-ਤੱਕੀ ਵਿੱਚ ਹੈ। ਅੱਜ ਇੱਥੇ ਮੁਹਾਲੀ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦੇ ਹਨ ਪਰ ਮਾਨ ਨੇ ਖੁਦ ਜਵਾਬ ਦੇ ਦਿੱਤਾ ਅਤੇ ਕਿਹਾ ਲੋਕ ਜਿਸ ਨੂੰ ਚਾਹੁੰਣਗੇ, ਉਸ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆਂ ਜਾਵੇ। ਇਸ ਮਗਰੋਂ ਪਾਰਟੀ ਨੇ 7074870748 ਨੰਬਰ ਜਾਰੀ ਕਰਕੇ ਪੰਜਾਬ ਦੇ ਲੋਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਰਾਇ ਮੰਗੀ ਗਈ ਹੈ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਨੰਬਰ ਆਏ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਉਂਝ ਕੇਜਰੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹਨ। ਇਸ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਰਾਘਵ ਚੱਢਾ ਵੀ ਹਾਜ਼ਰ ਸਨ। ਆਪ ਨੇ ਪੰਜਾਬ ਵਿੱਚ 80 ਸੀਟਾਂ ਦਾ ਟੀਚਾ ਮਿਥਦਿਆਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਇੱਕ ਆਖਰੀ ਵਾਰ ਜ਼ੋਰਦਾਰ ਧੱਕਾ ਲਗਾ ਦਿਓ ਤਾਂ ਜੋ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਜਾ ਸਕੇ। ਪੈਸੇ ਲੈ ਕੇ ਟਿਕਟਾਂ ਦੇਣ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਝੂਠੇ ਦੋਸ਼ ਲਗਾਉਣਗੇ ਬਹੁਤ ਆਸਾਨ ਹਨ।