ਕਰੋਨਾ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ
ਸ਼੍ਰੀ ਮੁਕਤਸਰ ਸਾਹਿਬ, 24 ਜਨਵਰੀ ( ਮਨਪ੍ਰੀਤ ਮੋਨੂੰ ) ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕਰੋਨਾ ਮਹਾਮਾਰੀ ਨੂੰ ਜੰਗੀ ਪੱਧਰ ਤੇ ਠੱਲ ਪਾਉਣ ਲਈ ਐਤਵਾਰ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਪੋਲੀਓ ਮੁਹਿੰਮ ਦੀ ਤਰਜ਼ ਤੇ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਘਰ ਘਰ ਜਾ ਕੇ ਦਸਤਕ ਦਿੱਤੀ ਜਾਵੇ |
ਉਨ੍ਹਾ ਇਸ ਗੱਲ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਕਿ ਹਾਲੇ ਵੀ ਜਿਲ੍ਹੇ ਚ ਤਕਰੀਬਨ 1.5 ਲੱਖ ਦੇ ਲੱਗਭਗ ਜਿਲ੍ਹਾ ਵਾਸੀਆਂ ਦਾ ਦੂਸਰੀ ਡੋਜ਼ ਦਾ ਟੀਕਾਕਰਨ ਕਰਨਾ ਬਾਕੀ ਹੈ | ਉਹਨਾ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਹੀ ਇਸ ਅਧੂਰੇ ਟੀਕਾਕਰਨ ਨੂੰ ਜਲਦ ਪੂਰਾ ਕਰਨ ਦੇ ਹੁਕਮ ਜਾਰੀ ਹੋਏ ਹਨ | ਉਹਨਾ ਸਮੂਹ ਅਧਿਕਾਰੀਆਂ ਨੂੰ ਇਹ ਵਿਸਵਾਸ਼ ਦਵਾਇਆ ਕਿ 100 ਪ੍ਰਤੀਸ਼ਤ ਟੀਕਾਕਰਨ ਕਰਨ ਲਈ ਕਿਸੇ ਵੀ ਕਿਸਮ ਦੇ ਬੁਨਿਆਦੀ ਢਾਂਚੇ ਜਾਂ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਮੀਟਿੰਗ ਦੋਰਾਨ ਸਾਰੇ ਐਸ ਡੀ ਐਮ, ਸੀ ਐਮ ਓ, ਐਸ ਐਮ ਓ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਜਦੋਂ ਦੱਸਿਆ ਗਿਆ ਕਿ ਟੀਕਾਕਰਨ ਟੀਮਾਂ ਨੂੰ ਕਈ ਵਾਰ ਦੂਸਰੀ ਡੋਜ਼ ਲਗਵਾਉਣ ਵਾਲੇ ਵਿਅਕਤੀ ਦਾ ਘਰੇ ਨਾ ਹੋਣ ਕਰਕੇ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਂਗਨਵਾੜੀ ਵਰਕਰਜ਼ ਅਤੇ ਆਸ਼ਾ ਵਰਕਰਜ਼ ਦੀਆਂ ਅਤੇ ਵੈਕਸੀਨੇਟਰਜ਼ (ਟੀਕਾਕਰਨ ਕਰਨ ਵਾਲੇ) ਦੀਆਂ ਦੋ ਵੱਖ ਵੱਖ ਟੀਮਾਂ ਬਣਾਈਆਂ ਜਾਣ |
ਇਹ ਟੀਮਾਂ ਸਵੇਰੇ 9 ਵਜ਼ੇ ਤੋਂ ਪਹਿਲਾਂ ਇਕ ਟੀਕਾ ਲਗਵਾ ਚੁੱਕੇ ਵਿਅਕਤੀਆਂ ਦਾ ਟੀਕਾਕਰਨ ਕਰਨ ਲਈ ਉਹਨਾ ਦੇ ਘਰ ਦਸਤਕ ਦੇਣਗੇ, ਇਸੇ ਤਰੀਕੇ ਨਾਲ ਜੇਕਰ ਕੋਈ ਵਿਅਕਤੀ ਸਵੇਰ ਵੇਲੇ ਘਰ ਨਾ ਮਿਲੇ ਤਾਂ ਸ਼ਾਮ ਵਾਲੀ ਦੂਸਰੀ ਟੀਮ ਦੇਰ ਸ਼ਾਮ ਉਹਨਾ ਦੇ ਘਰ ਜਾ ਕੇ ਟੀਕਾਕਰਨ ਕਰੇਗੀੇ | ਤਾਂ ਜੋ ਕੋਈ ਵੀ ਜਿਲ੍ਹਾ ਵਾਸੀ ਕਰੋਨਾ ਟੀਕਾਕਰਨ ਤੋਂ ਰਹਿਤ ਨਾ ਹੋਵੇ | ਕੁੱਝ ਅਧਿਕਾਰੀਆਂ ਵੱਲੋਂ ਮਹਿਲਾਵਾਂ ਨੂੰ ਰਾਤ ਸਮੇਂ ਟੀਕਾਕਰਨ ਲਈ ਭੇਜਣ ਤੇ ਚਿੰਤਾਂ ਜ਼ਾਹਰ ਕਰਨ ਤੇ ਡਿਪਟੀ ਕਮਿਸ਼ਨਰ ਨੇ ਪੁਰਸ਼ ਸਿਹਤ ਕਰਮਚਾਰੀ ਹਾਇਰ ਕਰ ਲਏ ਜਾਣ ਦੀ ਗੱਲ ਕਹੀ | ਜੇਕਰ ਫਿਰ ਵੀ ਮਹਿਲਾ ਵੈਕਸੀਨੇਟਰਜ਼ ਸ਼ਾਮ ਵੇਲੇ ਜਾਂ ਦੇਰ ਰਾਤ ਕਿਸੇ ਸੁਰਤ ਵਿਚ ਜਾਂਦੇ ਹਨ ਤਾਂ ਪੁਲਿਸ ਸੁਰੱਖਿਆ ਦਾ ਪ੍ਰਬੰਧ ਕਰਵਾਇਆ ਜਾਵੇ |
ਅਤੇ ਨਾਲ ਹੀ ਉਹਨਾ ਦੇ ਆਉਣ ਜਾਣ ਲਈ ਵਹਿਕਲ (ਬੱਸਾਂ) ਦਾ ਵੀ ਪ੍ਰਬੰਧ ਵੀ ਕਰ ਲਿਆ ਜਾਵੇ |ਇਸੇ ਤਰ੍ਹਾਂ ਹੀ ਮਹਿਲਾ ਡਾਟਾ ਅਪਰੇਟਰ/ਟੀਚਰ ਦੀਆਂ ਕਰੋਨਾ ਸਬੰਧੀ ਡਾਟਾ ਫੀਡ ਕਰਨ ਲਈ ਡਿਊਟੀਆਂ ਬਾਰੇ ਦੱਸਿਆ ਗਿਆ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 300 ਰੁਪਏ ਪ੍ਰਤੀ ਦਿਨ ਮਾਣ ਭੱਤੇ ਤੇ ਡਾਟਾ ਅਪਰੇਟਰ ਵੀ ਹਾਇਰ ਕਰ ਲਏ ਜਾਣ | ਮੀਟਿੰਗ ਦੇ ਅੰਤ ਵਿਚ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕੇ ਜਲਦ ਤੋਂ ਜਲਦ ਕਰੋਨਾ ਟੀਕਾਕਰਨ ਪੂਰਾ ਕਰਵਾਉਣ ਵਿਚ ਜਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਦੇਣ, ਇਸ ਸਬੰਧੀ ਉਨ੍ਹਾਂ ਜਿਲ੍ਹੇ ਅਧੀਨ ਪੈਂਦੇ ਪਿੰਡਾਂ ਦੇ ਸਮੂਹ ਸਰਪੰਚ ਸਹਿਬਾਨਾਂ/ਧਾਰਮਿਕ ਸੰਸਥਾਵਾਂ/ਐਨ ਜੀ ਓ ਨਾਲ ਵੀ ਮੀਟਿੰਗ ਕਰਨ ਦਾ ਫੈਸਲਾ ਕੀਤਾ,ਤਾਂ ਜੋ ਉਹਨਾ ਦਾ ਵੀ ਸਹਿਯੋਗ ਲਿਆ ਜਾ ਸਕੇ |