ਫਰਜ਼ੀ ਚੈਟ ਕਾਂਡ ਮਾਮਲਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਕੋਲ ਪਹੁੰਚਿਆ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 25 ਜਨਵਰੀ ( ਮਨਪ੍ਰੀਤ ਮੋਨੂੰ ) ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਹੁਤ ਜਿਆਦਾ ਵੱਧ ਗਈ ਹੈ | ਕਈ ਵਾਰ ਇਸ ਦੁਰਵਰਤੋਂ ਨਾਲ ਭੋਲੇ ਭਾਲੇ ਲੋਕਾਂ ਨੂੰ ਭਾਰੀ ਮਾਨਸਿਕ ਅਤੇ ਸਮਾਜਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਬੁੱਧ ਵਿਹਾਰ ਸਥਿਤ ਮੰਚ ਦੇ ਮੁੱਖ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ਰਾਰਤੀ ਵਿਅਕਤੀਆਂ ਵੱਲੋਂ ਐਡਿਟ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਗਈਆਂ ਹਨ | ਐਨਾ ਹੀ ਨਹੀਂ ਇਹਨਾਂ ਸ਼ਰਾਰਤੀਆਂ ਨੇ ਆਪਣੇ ਮੋਬਾਇਲਾਂ ਉਪਰ ਗਲਤ ਤਰੀਕੇ ਨਾਲ ਉਨ੍ਹਾਂ ਦੀ ਡੀ.ਪੀ. ਲਗਾ ਕੇ ਫਰਜ਼ੀ ਚੈਟ ਬਣਾ ਕੇ ਵੀ ਵਾਇਰਲ ਕਰ ਦਿਤੀਆਂ | ਇਸਦੇ ਨਾਲ ਹੀ ਇਨ੍ਹਾਂ ਸ਼ਰਾਰਤੀਆਂ ਨੇ ਉਹਨਾਂ ਦੇ ਨਾਮ ‘ਤੇ ਫਰਜੀ ਕਾਲ ਰਿਕਾਰਡਿੰਗਾਂ ਵੀ ਬਣਾ ਕੇ ਵਾਇਰਲ ਕੀਤੀਆਂ ਸਨ |
ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਇਸ ਸਭ ਕਾਸੇ ਨਾਲ ਉਨ੍ਹਾਂ ਦੇ ਮਾਨ, ਸਨਮਾਨ, ਸਵੈ ਮਾਨ ਅਤੇ ਸਮਾਜਿਕ ਰੁਤਬੇ ਨੂੰ ਭਾਰੀ ਠੇਸ ਪਹੁੰਚੀ ਹੈ | ਐਨਾ ਹੀ ਨਹੀਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਭਾਰੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਹੈ | ਢੋਸੀਵਾਲ ਨੇ ਸਾਰੇ ਮਾਮਲੇ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਮੁਖੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਨੂੰ ਲਿਖਤੀ ਸ਼ਿਕਾਇਤ ਦੇ ਰੂਪ ਵਿਚ ਦਿਤੀ ਸੀ | ਦਰਖਾਸਤ ਵਿਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ | ਇਸ ਸਬੰਧੀ ਆਰ.ਟੀ.ਆਈ. ਐਕਟ 2005 ਅਧੀਨ ਮੰਗੀ ਜਾਣਕਾਰੀ ਸਬੰਧੀ ਡੀ.ਜੀ.ਪੀ. ਦਫਤਰ ਦੇ ਸੁਪਰਡੈਂਟ, ਕਮਿਸ਼ਨ -ਕਮ- ਲੋਕ ਸੂਚਨਾ ਅਫਸਰ, ਬਿਊਰੋ ਆਫ ਇੰਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਨੇ ਪੱਤਰ ਨੰਬਰ 69/ਆਰ.ਟੀ.ਆਈ./ਸੀ.ਸੀ. ਮਿਤੀ 19/01/2022 ਅਨੁਸਾਰ ਉਕਤ ਸ਼ਿਕਾਇਤ ਦੀ ਪੜਤਾਲ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੇ ਜਾਣ ਬਾਰੇ ਦੱਸਿਆ ਹੈ |
ਪ੍ਰਧਾਨ ਢੋਸੀਵਾਲ ਨੇ ਇਹ ਵੀ ਕਿਹਾ ਹੈ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਅਤੇ ਦੋਸ਼ੀ ਵਿਅਕਤੀ ਜਨਰਲ ਵਰਗ ਨਾਲ ਸਬੰਧਤ ਹਨ ਜਿਨ੍ਹਾਂ ਉਪਰ ਐਟਰੋਸਿਟੀ ਐਕਟ 1989 (ਛੂਤ ਛਾਤ ਰੋਕੂ ਐਕਟ) ਅਧੀਨ ਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ | ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਹੈ ਕਿ ਸਾਰੇ ਮਾਲਮੇ ਦੀ ਪੁਲਿਸ ਵੱਲੋਂ ਨਿਰਪੱਖ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜਾ ਦੇ ਕੇ ਉਨ੍ਹਾਂ ਨੂੰ ਇਨਸਾਫ ਦਿਤਾ ਜਾਵੇਗਾ |