ਸੀਮਿਤ ਇਛਾਵਾਂ ਹੀ ਸੁਖੀ ਜੀਵਨ ਦਾ ਆਧਾਰ ਹੁੰਦੀਆਂ ਹਨ : ਭਗਤ ਸ਼ੰਮੀ ਚਾਵਲਾ
ਸ਼੍ਰੀ ਮੁਕਤਸਰ ਸਾਹਿਬ, 03 ਫਰਵਰੀ ( ਮਨਪ੍ਰੀਤ ਮੋਨੂੰ ) – ਆਪਸੀ ਭਾਈਚਾਰੇ ਅਤੇ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸਥਾਨਕ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਵਿਖੇ ਅੱਜ ਵੀਰਵਾਰ ਦਾ ਸਤਿਸੰਗ ਆਯੋਜਿਤ ਕੀਤਾ ਗਿਆ | ਡੇਰਾ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਅਤੇ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ (ਬਾਊ ਜੀ) ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ‘ਚ ਡੇਰੇ ਦੇ ਸਥਾਨਕ ਅਤੇ ਬਾਹਰਲੇ ਸ਼ਰਧਾਲੂ ਸ਼ਾਮਲ ਹੋਏ | ਸਤਿਸੰਗ ਦੀ ਸ਼ੁਰੂਆਤ ਬਾਊ ਜੀ ਵੱਲੋਂ ਅਰਦਾਸ ਅਤੇ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿਤਰ ਮੂਰਤੀ ਦੀ ਚਰਨ ਵੰਦਨਾ ਕਰਕੇ ਕੀਤੀ ਗਈ |
ਉਪਰੰਤ ਬਾਊ ਜੀ ਨੇ ਪੂਰੀ ਮਰਿਆਦਾ ਅਨੁਸਾਰ ਸ਼ਰਧਾਲੂਆਂ ਨੂੰ ਵੀਰਵਾਰ ਦੀ ਕਥਾ ਸਰਵਣ ਕਰਵਾਈ ਤੇ ਇਸ ਉਪਰ ਅਮਲ ਕਰਨ ਦੀ ਪ੍ਰੇਰਨਾ ਦਿਤੀ | ਸਤਿਸੰਗ ਦੌਰਾਨ ਆਪਣੇ ਮੁਖਾਰਬਿੰਦ ਤੋਂ ਪ੍ਰਵਚਨਾਂ ਦੀ ਅੰਮਿ੍ਤ ਵਰਖਾ ਕਰਦੇ ਹੋਏ ਬਾਊ ਜੀ ਨੇ ਫਰਮਾਇਆ ਕਿ ਹਰੇਕ ਵਿਅਕਤੀ ਨੂੰ ਬੇਲੋੜੀਆਂ ਇਛਾਵਾਂ ਤੋਂ ਬਚਣਾ ਚਾਹੀਦਾ ਹੈ, ਜੇ ਇੱਛਾ ਕਰਨੀ ਹੀ ਹੈ ਤਾਂ ਇਮਾਨਦਾਰੀ, ਨੇਕੀ, ਸਦਾਚਾਰ ਅਤੇ ਸਭਨਾਂ ਨਾਲ ਮਿਲਵਰਤਨ ਦੀ ਕਰਨੀ ਚਾਹੀਦੀ ਹੈ | ਸੀਮਿਤ ਇਛਾਵਾਂ ਸੁਖੀ ਜੀਵਨ ਦਾ ਆਧਾਰ ਹੁੰਦੀਆਂ ਹਨ | ਪਰਿਵਾਰਕ ਖ਼ੁਸ਼ਹਾਲੀ ਤੇ ਮਾਨਸਿਕ ਸੰਤੁਸ਼ਟੀ ਲਈ ਬੇਹੱਦ ਸਹਾਈ ਹੁੰਦੀਆਂ ਹਨ | ਬਾਊ ਜੀ ਨੇ ਅੱਗੇ ਫਰਮਾਇਆ ਕਿ ਜਿਸ ਵਿਅਕਤੀ ਨੇ ਆਪਣੇ ਜਿਊਾਦੇ ਜੀਅ ਇਛਾਵਾਂ ਦਾ ਤਿਆਗ ਕਰ ਦਿਤਾ ਹੋਵੇ ਉਸਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਡੇਰਾ ਕਮੇਟੀ ਦੇ ਚੀਫ ਆਰਗੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਤਿਸੰਗ ਦੇ ਅਖੀਰ ਵਿਚ ਬਾਊ ਜੀ ਨੇ ਇਲਾਕੇ ਦੀ ਸੁੱਖ, ਸ਼ਾਂਤੀ ਤੇ ਸਭਨਾਂ ਦੇ ਭਲੇ ਲਈ ਅਰਦਾਸ ਕੀਤੀ | ਸਤਿਸੰਗ ਦੀ ਸਮਾਪਤੀ ਉਪਰੰਤ ਸੰਤ ਬਾਬਾ ਬੱਗੂ ਭਗਤ ਜੀ ਦਾ ਭੰਡਾਰਾ (ਲੰਗਰ) ਅਤੁਟ ਵਰਤਾਇਆ ਗਿਆ ਜਿਸ ਵਿਚ ਸੇਵਾਦਾਰਾਂ ਨੇ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਸੇਵਾ ਨਿਭਾਈ |