ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਸਰਕਾਰ ਵਾਪਸ ਲਿਆਉਣ ਦੇ ਤੁਰੰਤ ਇੰਤਜਾਮ ਕਰੇ : ਬਿਕਰਮ ਲਾਂਬਾ
ਸ੍ਰੀ ਮੁਕਤਸਰ ਸਾਹਿਬ 24 ਫਰਵਰੀ ( ਮਨਪ੍ਰੀਤ ਮੋਨੂੰ ) ਅੱਜ ਸ਼ੁਰੂ ਹੋਈ ਸੋਵੀਅਤ, ਰੂਸ ਅਤੇ ਯੂਕ੍ਰੇਨ ਦੀ ਲੜਾਈ ਭਾਰਤ ਸਮੇਤ ਸਮੁੱਚੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ | ਇਸ ਲੜਾਈ ਵਿਚ ਪ੍ਰਮਾਣੂ ਅਤੇ ਹੋਰ ਮਾਰੂ ਹਥਿਆਰ ਵਰਤੇ ਜਾਣ ਦਾ ਭਾਰੀ ਖਦਸ਼ਾ ਹੈ ਜਿਸ ਕਾਰਣ ਮਨੁੱਖਤਾ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ | ਭਾਰਤ ਦੇ ਵੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਯੂਕ੍ਰੇਨ ਵਿਖੇ ਮੈਡੀਕਲ ਅਤੇ ਹੋਰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਏ ਹੋਏ ਹਨ | ਇਹ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਭਾਰਤ ਆਉਣ ਲਈ ਕੋਸ਼ਿਸ਼ ਕਰ ਰਹੇ ਸਨ, ਪਰੰਤੂ ਅਜਿਹਾ ਨਾ ਹੋ ਸਕਿਆ | ਲੜਾਈ ਲੱਗਣ ਕਾਰਨ ਹੁਣ ਇਹਨਾਂ ਵਿਦਿਆਰਥੀਆਂ ਲਈ ਦੇਸ਼ ਪਰਤਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ | ਵਿਦੇਸ਼ਾਂ ਵਿਚ ਆਪਣੇ ਨੌਜਵਾਨ ਬੱਚੇ ਫਸੇ ਹੋਣ ਕਾਰਨ ਉਨਾਂ ਦੇ ਮਾਪੇ ਬੇਹੱਦ ਫਿਕਰਮੰਦ ਹਨ | ਲੋਕ ਇਨਸਾਫ ਪਾਰਟੀ ਮਾਲਵਾ ਜੋਨ ਦੇ ਸਕੱਤਰ ਬਿਕਰਮਜੀਤ ਸਿੰਘ ਲਾਂਬਾ ਨੇ ਯੂਕ੍ਰੇਨ ਵਿਚ ਫਸੇ ਹੋਏ ਵਿਦਿਆਰਥੀਆਂ ਦੇ ਭਵਿੱਖ ਅਤੇ ਉਨਾਂ ਦੇ ਮਾਪਿਆਂ ਲਈ ਡੂੰਘੀ ਚਿੰਤਾ ਪ੍ਰਗਟਾਈ ਹੈ | ਸਕੱਤਰ ਲਾਂਬਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਭਾਰਤੀ ਵਿਦਿਆਰਥੀਆਂ ਨੂੰ ਯੁਕ੍ਰੇਨ ਵਿਚੋਂ ਕੱਢਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ | ਵਿਦਿਆਰਥੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ |