ਭਾਕਿਯੂ ਨੇ ਨਿੱਜੀਕਰਨ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਲਾਇਆ ਧਰਨਾ
ਸਾਮਰਾਜ ਨਿੱਜੀਕਰਨ ਦੀ ਨੀਤੀ ਤਹਿਤ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਵਾਲੀ ਮੋਦੀ ਸਰਕਾਰ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਸੀਨੀਅਰ ਮੀਤ ਪ੍ਰਧਾਨ ਹਰਬੰਸ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂ, ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਗੁਰਮੀਤ ਸਿੰਘ ਬਿੱਟੂ ਮੱਲਣ, ਸੁੱਚਾ ਸਿੰਘ ਕੋਟਭਾਈ ਤੇ ਮਲਕੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਤੇ ਕੇਂਦਰ ਦਾ ਇਹ ਫੈਸਲਾ ਰੱਦ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਤਹਿਸੀਲਦਾਰ ਗੁਰਚਰਨ ਸਿੰਘ ਨੂੰ ਸੌਂਪਿਆ।
ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਜਲੀ ਪੈਦਾਵਾਰ ਦੇ ਇਸ ਪ੍ਰਦੂਸ਼ਨ ਰਹਿਤ ਪੋ੍ਜੈਕਟ ‘ਚ ਪੰਜਾਬ ਨੂੰ 60 ਪ੍ਰਤੀਸ਼ਤ ਨੁਮਾਇੰਦਗੀ ਦੇਣ ਦੇ ਦੋ ਠੋਸ ਅਧਾਰ ਸਨ, ਕਿ ਪੋ੍ਜੈਕਟ ਪੰਜਾਬ ਵਿੱਚ ਸਥਿਤ ਹੋਣਾ, ਅਤੇ ਦੂਜਾ ਭਾਰੀ ਬਾਰਿਸ਼ ਮੌਕੇ ਵਾਧੂ ਪਾਣੀ ਛੱਡਣ ਨਾਲ ਆਉਣ ਵਾਲੇ ਭਾਰੀ ਹੜਾਂ੍ਹ ਦੀ ਤਬਾਹੀ ਦੀਮਾਰ ਇਕੱਲੇ ਪੰਜਾਬ ਨੂੰ ਹੀ ਝੱਲਣੀ ਪੈਣੀ, ਕੇਂਦਰ ਸਰਕਾਰ ਦੇ ਨਵੇਂ ਤਾਨਸ਼ਾਹੀ ਹੁਕਮਾਂ ਰਾਹੀਂ ਇਸਤੋਂ ਵੀ ਵੱਧ ਬੇਇਨਸਾਫੀ ਇਹ ਕੀਤੀ ਕਿ ਇਸ ਪੋ੍ਜੈਕਟ ਦੇ ਹਿੱਸੇਦਾਰ ਸੂਬਿਆਂ ਤੋਂ ਬਾਹਰਲੇ ਸੂਬਿਆਂ ਦੇ ਨੁਮਾਇੰਦੇ ਵੀ ਪ੍ਰਬੰਧਕ, ਚੇਅਰਮੈਨ ਲਾਏ ਜਾ ਸਕਣਗੇ, ਜਿਸ ਤੋਂ ਸਿੱਧਾ ਸਾਬਿਤ ਹੁੰਦਾ ਹੈ ਕਿ ਪੋ੍ਜੈਕਟਾਂ ਨੂੰ ਨਿਕੰਮਾ ਦਿਖਾ ਕੇ ਇਨਾਂ੍ਹ ਨੂੰ ਪ੍ਰਰਾਇਵੇਟ ਹੱਥਾਂ ਵਿੱਚ ਸੌਂਪਿਆ ਜਾਣਾ ਹੈ, ਜਿਸ ਨਾਲ ਪ੍ਰਰਾਇਵੇਟ ਕੰਪਨੀਆਂ ਆਪਣੀ ਮਨਮਰਜ਼ੀ ਕਰਕੇ ਲੋਕਾਂ ਦੀ ਅੰਨ੍ਹੀ ਲੁੱਟ ਕਰਨਗੀਆਂ।
ਜਥੇਬੰਦੀ ਨੇ ਮੰਗ ਕੀਤੀ ਕਿ ਬੀਬੀ ਐਮਬੀ ਦੀ ਬਣਤਰ ਦੀ ਪਹਿਲੀ ਸਥਿਤੀ ਬਹਾਲ ਕੀਤੀ ਜਾਵੇ ਜਿਸਦਾ ਕੰਟਰੋਲ ਪੰਜਾਬ ਦੇ ਹੋਰ ਹਿੱਸੇਦਾਰ ਸੂਬਿਆਂ ਦੇ ਹੱਥਾਂ ਵਿੱਚ ਹੀ ਰਹਿਣ ਦੀ ਗਰੰਟੀ ਕੀਤੀ ਜਾਵੇ। ਉਨਾਂ੍ਹ ਪੰਜਾਬ ਸਰਕਾਰ ‘ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਰਾਜ ਪਾਵਰਕੌਮ ਵੱਲੋਂ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਅਤੇ ਖੇਤੀ ਮੋਟਰਾਂ ਉੱਤੇ ਨਿੱਜੀ ਟਰਾਂਸਫਾਰਮਰ ਲਾਉਣ ਦੇ ਫੈਸਲੇ ਵੀ ਬਿਜਲੀ ਦੇ ਨਿੱਜੀ ਕਰਨ ਨੂੰ ਬੜਾਵਾ ਦੇ ਰਹੇ ਹਨ। ਇਸ ਮੌਕੇ ਜਥੇਬੰਦੀ ਨੇ ਕਿਹਾ ਕਿ ਇਨਾਂ੍ਹ ਸਾਮਰਾਜੀ ਪੱਖੀ ਨੀਤੀਆਂ ਤੋਂ ਪੀੜ੍ਹਤ ਸਮੂਹ ਕਿਰਤੀ ਲੋਕਾਂ ਨੂੰ ਇੱਕਜੁੱਟ ਸਾਂਝੀ ਸੰਘਰਸ਼ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਮੁਕਤਸਰ ਬਲਾਕ ਪ੍ਰਧਾਨ ਰਾਜਾ ਸਿੰਘ, ਹਰਚਰਨ ਸਿੰਘ ਲੱਖੇਵਾਲੀ, ਸੁਖਰਾਜ ਸਿੰਘ ਰੂਹੜਿਆਂ ਵਾਲੀ, ਜੋਗਿੰਦਰ ਸਿੰਘ ਬੁੱਟਰਸ਼ਰੀਹ, ਹਰਪਾਲ ਸਿੰਘ ਧੂਲਕੋਟ, ਅਜੈਬ ਸਿੰਘ ਮੱਲਣ, ਕੁਲਦੀਪ ਸਿੰਘ, ਕਰਮਗੜ੍ਹ ਬੋਹੜ ਸਿੰਘ ਮਲੋਟ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਕਾ ਸਿੰਘ ਖੁੰਡੇ ਹਲਾਲ ਵੀ ਮੌਜੂਦ ਸਨ।