ਟੁੱਟੀ ਝੌਂਪੜੀ ‘ਚ ਜੀਵਨ ਬਸਰ ਕਰ ਰਿਹੈ ਪਿੰਡ ਔਲਖ ਦਾ ਬਜ਼ੁਰਗ ਜੋੜਾ
ਦੇਸ਼ ਨੂੰ ਆਜ਼ਾਦ ਹੋਇਆਂ ਭਾਵੇਂ 74 ਸਾਲ ਬੀਤ ਚੁੱਕੇ ਹਨ ਪਰ ਪਿੰਡ ਔਲਖ ਵਾਸੀ ਇਕ ਬਜ਼ੁਰਗ ਜੋੜਾ ਅੱਜ ਵੀ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਤੇ ਗੰਧਲੀ ਰਾਜਨੀਤੀ ਦੀ ਗੁਲਾਮੀ ਦੀ ਮਾਰ ਝੱਲ ਰਿਹਾ ਹੈ। ਇਸ ਬਜ਼ੁਰਗ ਜੋੜੇ ਦੀ ਨਾ ਤਾਂ ਕਿਸੇ ਸਰਕਾਰ ਨੇ ਸਾਰ ਲਈ ਤੇ ਨਾ ਹੀ ਕਿਸੇ ਰਾਜਨੀਤਿਕ ਲੀਡਰ ਨੇ ਹਾਲ ਪੁੱਿਛਐ।
ਪਿੰਡ ਔਲਖ ਦੀ ਸੁੰਨਸਾਨ ਜਗ੍ਹਾ ‘ਤੇ ਸਥਾਪਤ ਇਕ ਟੁੱਟੀ ਹੋਈ ਝੌਂਪੜੀ ‘ਚ ਜੀਵਨ ਬਸਰ ਕਰ ਰਹੇ ਬਜ਼ੁਰਗ ਜੋੜੇ ਦੇ ਆਸ ਪਾਸ ਕੋਈ ਵੀ ਘਰ ਨਹੀਂ ਹੈ ਜਿਸ ਨਾਲ ਉਹ ਕਦੇ ਦੁੱਖ ਵੀ ਵੰਡ ਸਕੇ। ਦੁਖੀ ਹਿਰਦੇ ਨਾਲ ਆਪਣੀ ਹੱਢਬੀਤੀ ਸੁਣਾਉਂਦਿਆਂ ਬਜ਼ੁਰਗ ਮਾਤਾ ਬਿਸ਼ਨ ਕੌਰ ਪਤਨੀ ਰਾਜਾ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਜੀਅ ਪਿੱਛਲੇ 30 ਸਾਲਾਂ ਤੋਂ ਇਸ ਝੌਂਪੜੀ ‘ਚ ਰਹਿ ਰਹੇ ਹਨ। ਉਸਨੇ ਦੱਸਿਆ ਕਿ ਲੀਡਰ ਵੋਟਾਂ ਵੇਲੇ ਤਾਂ ਆਉਂਦੇ ਹਨ ਪਰ ਬਾਅਦ ‘ਚ ਕੋਈ ਨਹੀਂ ਪੁੱਛਦਾ। ਉਸਨੇ ਆਪਣੀ ਵਿੱਥਿਆ ਸੁਣਾਉਂਦਿਆਂ ਦੱਸਿਆ ਉਸਦਾ ਇਕੋ ਇਕ ਪੁੱਤ ਹੈ ਜਿਸਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਫਿਰ ਉਸਦਾ ਵਿਆਹ ਕੀਤਾ ਪਰ ਬੁਢਾਪੇ ਵੇਲੇ ਉਹ ਵੀ ਸਾਥ ਛੱਡ ਗਿਆ।
ਉਸਦਾ ਪੁੱਤ ਵਿਆਹ ਤੋਂ ਕੁਝ ਸਮਾਂ ਬਾਅਦ ਰਾਜਸਥਾਨ ਜਾ ਕੇ ਕਿਸੇ ਕਿਰਾਏ ਦੇ ਘਰ ‘ਚ ਰਹਿਣ ਲੱਗ ਗਿਆ। ਉਸਨੇ ਦੱਸਿਆ ਕਿ ਨਾ ਤਾਂ ਉਨਾਂ੍ਹ ਦੀ ਪਿੰਡ ਦੀ ਪੰਚਾਇਤ ਨੇ ਸਾਰ ਲਈ ਅਤੇ ਨਾ ਹੀ ਕਿਸੇ ਸਰਕਾਰ ਜਾਂ ਸਿਆਸੀ ਲੀਡਰ ਨੇ ਕੋਈ ਸਾਰ ਲਈ। ਉਹ ਮੀਂਹ, ਹਨ੍ਹੇਰੀ ‘ਚ ਆਪਣੀ ਜ਼ਿੰਦਗੀ ਦੇ ਦੁੱਖ ਭਰੇ ਦਿਨ ਇਸ ਝੌਂਪੜੀ ‘ਚ ਹੀ ਕੱਟ ਰਹੇ ਹਨ। ਕੰਮ ਕਾਜ ਕਰਕੇ ਦੋ ਵਕਤ ਦੀ ਰੋਟੀ ਤਾਂ ਖਾ ਲੈਂਦੇ ਹਾਂ ਪਰ ਸੁਰੱਖਿਅਤ ਮਕਾਨ ਦੀ ਪ੍ਰਰਾਪਤੀ ਲਈ ਤਰਸ ਰਹੇ ਹਨ। ਉਸਨੇ ਪੰਜਾਬ ਸਰਕਾਰ ‘ਤੇ ਰੋਸ ਜਤਾਉਂਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਸਤਾ ‘ਚ ਆਉਣ ਤੋਂ ਬਾਅਦ ਸਾਡੇ ਵਰਗੇ ਗਰੀਬਾਂ ਦੀ ਕੋਈ ਬਾਂਹ ਨਹੀਂ ਫੜਦਾ।
ਉਸਨੇ ਮੰਗ ਕੀਤੀ ਕਿ ਉਸਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇ ਅਤੇ ਉਸਤੇ ਸੁਰੱਖਿਅਤ ਮਕਾਨ ਦੀ ਉਸਾਰੀ ਲਈ ਯੋਗ ਰਾਸ਼ੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਜਿੰਦਗੀ ਦੇ ਅਖੀਰਲੇ ਪੜਾਅ ਨੂੰ ਸੁਖਮਈ ਮਾਣ ਸਕਣ। ਓਧਰ ਪੀਐਲਵੀ ਗੁਰਮੀਤ ਸਿੰਘ ਤੇ ਪੀਐਲਵੀ ਰਮਨਦੀਪ ਕੌਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਕਤ ਬਜ਼ੁਰਗ ਜੋੜੇ ਨੂੰ ਜਲਦ ਤੋਂ ਜਲਦ ਪੰਜ ਮਰਲੇ ਦਾ ਪਲਾਟ ਕੱਟ ਕੇ ਦਿੱਤਾ ਜਾਵੇ ਅਤੇ ਉਸਤੇ ਸੁਰੱਖਿਅਤ ਮਕਾਨ ਦੀ ਉਸਾਰੀ ਕਰਵਾ ਕੇ ਦਿੱਤੀ ਜਾਵੇ ਤਾਂ ਜੋ ਬਜ਼ੁਰਗ ਜੋੜਾ ਆਪਣੀ ਜਿੰਦਗੀ ਰਹਿੰਦਾ ਸਮਾਂ ਸੌਖਾਲੇ ਬਿਤਾ ਸਕਣ।