ਡਿਪਟੀ ਕਮਿਸ਼ਨਰ ਨੇ ਨਰਮੇਂ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਕਿਸਾਨ ਅਤੇ ਲੋਕਾਂ ਨੂੰ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ 17 ਮਾਰਚ ( ਮਨਪ੍ਰੀਤ ਮੋਨੂੰ ) – ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਖੇਤੀਬਾੜੀ ਵਿਭਾਗ ਵਲੋਂ ਆਉਣ ਵਾਲੇ ਛਾਉਣੀ ਦੇ ਸੀਜਨ ਦੌਰਾਨ ਬੀਜੀ ਜਾਣ ਵਾਲੀ ਨਰਮੇ ਅਤੇ ਕਪਾਹ ਦੀ ਫ਼ਸਲ ਨੂੰ ੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ
ਅਤੇ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ |ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਹੋਰ ਵਿਭਾਗਾਂ ਨੂੰ ਹਦਾਇਤ ਵੀ ਕੀਤੀ ਕਿ ਨਰਮੇ ਅਤੇ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਜ਼ਿਲੇ ਵਿੱਚ ਕਿਸਾਨਾਂ ਦੇ ਖੇਤਾਂ ਜਾਂ ਲੋਕਾਂ ਦੇ ਘਰਾਂ ਵਿੱਚ ਪਏ ਛਿਟੀਆਂ ਦੇ ਢੇਰਾ ਨਾਲ ਲੱਗੇ ਟੀਂਡਿਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਝੜਵਾਇਆ ਜਾਵੇ ਤਾਂ ਜ਼ੋ ਇਹਨਾਂ ਟੀਂਡਿਆਂ ਵਿੱਚ ਪਲ ਰਿਹਾ ਗੁਲਾਬੀ ਸੁੰਡੀ ਦੇ ਆਂਡਿਆਂ ਅਤੇ ਲਾਰਵੇ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ |ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਸਾਲ 2021 ਦੌਰਾਨ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਵਿੱਚ ਨਰਮੇਂ ਦੀ ਫ਼ਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਬਿਲਕੁਲ ਅੰਤ ਤੇ ਦੇਖਿਆ ਗਿਆ ਸੀ |
ਸ੍ਰੀ ਗੁਰਪੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਅਨੁਸਾਰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਚਾਰ ਸਟੇਜ਼ਾਂ ਵਿੱਚ ਗੁਜਰਨਾ ਪੈਂਦਾ ਹੈ, ਜਿਵੇ ਅੰਡਾ, ਸੁੰਡੀ, ਕੋਆ ਅਤੇ ਪਤੰਗਾ | ਮੌਸਮ ਅਨੁਕੂਲ ਹੋਣ ਤੇ ਇਹ ਸੁੰਡੀ ਇੱਕ ਸਾਲ ਵਿੱਚ 4 ਤੋਂ 6 ਪੀੜੀਆਂ ਪੂਰੀਆਂ ਕਰਦੀ ਹੈ | ਅੰਡੇ ਵਿਚੋਂ ਸੁੰਡੀ ਨਿਕਲਣ ਤੇ ਛੋਟੀ ਸੁੰਡੀ ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀ ਹੈ ਅਤੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੀ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਖੇਤਾਂ ਜਾਂ ਪਿੰਡਾਂ ਵਿੱਚ ਪਏ ਛਿਟੀਆਂ ਦੇ ਢੇਰਾਂ ਵਿੱਚ ਗੁਲਾਬੀ ਸੁੰਡੀ ਦੇਖੀ ਜਾ ਰਹੀ ਹੈ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਨਵਰੀ ਮਹੀਨੇ 2022 ਤੋਂ ਅੱਜ ਤੱਕ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਪਿੰਡ ਪੱਧਰ ਤੇ ਕਿਸਾਨ ਸਿਖ਼ਲਾਈ ਕੈਂਪਾਂ ਰਾਹੀਂ, ਧਾਰਮਿਕ ਸਥਾਨਾਂ ਤੋਂ ਅਨਾਊਸਮੈਂਟਾਂ ਕਰਵਾ ਕੇ ਅਤੇ ਘਰ-ਘਰ ਜਾ ਕੇ ਕਿਸਾਨਾਂ ਅਤੇ ਲੋਕਾਂ ਨੂੰ ਖੇਤਾਂ ਜਾਂ ਪਿੰਡਾਂ ਵਿੱਚ ਪਏ ਨਰਮੇਂ ਦੀਆਂ ਛਿਟੀਆਂ ਦੇ ਢੇਰਾਂ ਦੇ ਸੁਚੱਜੇ ਪ੍ਰਬੰਧਾਂ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ |
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਖੇਤੀਬਾੜੀ ਵਿਭਾਗ ਵਲੋਂ ਗੁਲਾਬੀ ਸੁੰਡੀ ਦੇ ਖਾਤਮੇ ਲਈ ਪਿੰਡ ਪੱਧਰ ਤੇ 70 ਨੋਡਲ ਅਫ਼ਸਰ ਅਤੇ 4 ਕੋਆਰਡੀਨੇਟਰ ਲਗਾਏ ਗਏ ਹਨ, ਜਿੰਨਾਂ ਵੱਲੋਂ ਜ਼ਿਲੇ ਦੇ ਨਰਮੇਂ ਵਾਲੇ ਪਿੰਡਾਂ ਵਿੱਚ ਹੁਣ ਤੱਕ 275 ਕਿਸਾਨ ਸਿਖ਼ਲਾਈ ਕੈਂਪ ਲਗਾਏ ਜਾ ਚੁੱਕੇ ਹਨ | ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਰਮੇਂ ਦੀਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ-ਮਾਰ ਕੇ ਅਣਖਿੜੇ ਟੀਂਡਿਆਂ ਨੂੰ ਝਾੜਿਆ ਜਾ ਰਿਹਾ ਹੈ ਤਾਂ ਜੋ ਇਸ ਤਰਾਂ ਨਾਲ ਝੜੇ ਹੋਏ ਟੀਡਿਆਂ ਅਤੇ ਹੋਰ ਰਹਿੰਦ ਖੂੰਹਦ ਨੂੰ ਜਲਦੀ ਨਸ਼ਟ ਕਰਵਾਇਆ ਜਾ ਰਿਹਾ ਹੈ |
ਝਾੜੀਆਂ ਹੋਈਆਂ ਛਿਟੀਆਂ ਨੂੰ ਖੇਤਾਂ ਵਿੱਚ ਰੱਖਣ ਦੀ ਬਿਜਾਏ ਪਿੰਡਾਂ ਵਿੱਚ ਹੀ ਖੜਵੇਂ ਢੰਗ ਨਾਲ ਧੁੱਪੇ ਰਖਵਾਈਆ ਜਾ ਰਹੀਆਂ ਹਨ ਅਤੇ ਇਹਨਾਂ ਛਿਟੀਆਂ ਨੂੰ ਮਾਰਚ ਦੇ ਅਖ਼ੀਰ ਤੱਕ ਨਰਮੇ ਦੀ ਫਸਲ ਬੀਜਣ ਤੋਂ ਪਹਿਲਾਂ ਬਾਲਣ ਲਈ ਪ੍ਰੇਰਿਆ ਜਾ ਰਿਹਾ ਹੈ |ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਅਤੇ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲੇ ਦੇ ਕਿਸਾਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਨਰਮੇਂ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੂਰਨ ਸਹਿਯੋਗ ਦੇਣ ਅਤੇ ਛਿਟੀਆਂ ਦੇ ਢੇਰਾਂ ਨਾਲ ਲੱਗੇ ਟੀਂਡਿਆਂ ਨੂੰ ਝਾੜ ਕੇ ਛਿਟੀਆਂ ਤੋਂ ਵੱਖ ਕੀਤਾ ਜਾਵੇ ਤਾਂ ਜ਼ੋ ਬੀਜੀ ਜਾਣ ਵਾਲੀ ਨਰਮੇਂ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇਗਾ ਤਾਂ ਜੋ ਨਰਮੇ ਅਤੇ ਕਪਾਹ ਦੀ ਭਰਪੂਰ ਫਸਲ ਹੋ ਸਕੇ |