Sangrur By Election Voting : ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਬੂਥਾਂ ਦੇ ਬਾਹਰ ਲੱਗੀਆਂ ਕਤਾਰਾਂ
ਲੋਕ ਸਭਾ ਹਲਕਾ ਲਈ ਵੋਟਿਗ ਸੁਰੁੂ ਹੋ ਚੁਕੀ ਹੈ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ 1766 ਪੋਲਿੰਗ ਸਟੇਸ਼ਨਾਂ ’ਤੇ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਇਨਾਂ ਤੋਂ ਇਲਾਵਾ 7540 ਸਰਵਿਸ ਵੋਟਰ ਹਨ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇਕ ਵੀਵੀਪੈਟ ਮੌਜੂਦ ਰਹੇਗੀ। ਉਨਾਂ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਢੋਆ ਢੁਆਈ ਸਿਰਫ ਜੀ.ਪੀ.ਐਸ. ਵਾਲੇ ਵਾਹਨਾਂ ਰਾਹੀਂ ਹੀ ਕੀਤੀ ਜਾਵੇਗੀ ਜਿਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦਸਿਆ ਕਿ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ। ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 296 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕੀਤਾ ਗਿਆ ਹੈ ਜਿਥੇ ਫ਼ਲੈਗ ਮਾਰਚ ਤੇ ਪੁਲਿਸ ਪੈਟਰੋਲਿੰਗ ਲਗਾਤਾਰ ਚੱਲ ਰਹੀ ਹੈ। ਉਨਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ 76 ਪੋਲਿੰਗ ਸਟੇਸ਼ਨ ’ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਚੋਣ ਪ੍ਰਬੰਧ ਨੂੰ ਨੇਪੜੇ ਚਾੜਿਆ ਜਾਵੇਗਾ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ 7064 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਅਮਲੇ ਵਜੋਂ ਤਾਇਨਾਤ ਕੀਤਾ ਗਿਆ ਹੈ ਜਦਕਿ 1413 ਚੋਣ ਅਮਲੇ ਨੂੰ ਰਿਜ਼ਰਵ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਦੀ ਉਪ ਚੋਣ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜਾਉਣ ਲਈ ਸਟੇਟ ਆਰਮਡ ਫੋਰਸ (ਐਸ.ਏ.ਐਫ) ਤੇ ਸੀ.ਏ.ਪੀ.ਐਫ ਦੇ 6716 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਉਪ ਚੋਣ ਲਈ ਪੋਲਿੰਗ ਤੇ ਕਾਊਂਟਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਸੰਗਰੂਰ ਦੇ 5 ਹਲਕਿਆਂ ਤੇ ਮਲੇਰਕੋਟਲਾ ਜ਼ਿਲ੍ਹੇ ਦੇ ਇਕ ਹਲਕੇ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਸਥਾਪਤ ਗਿਣਤੀ ਕੇਂਦਰਾਂ ਵਿਖੇ ਹੋਵੇਗੀ। ਸ਼੍ਰੀ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਧ ਚੜ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ
Sangrur By Election Live Update
ਬਰਨਾਲਾ ਦੇ ਕਚਹਿਰੀ ਚੌਕ ਚ ਸ਼੍ਰੋਮਣੀ ਅਕਾਲੀ ਦਲ ਦੇ ਪੋਲਿੰਗ ਬੂਥ ਤੇ ਬੈਠੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਹੋਰ ਅਕਾਲੀ ਆਗੂ।
ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਅਕਾਲਗੜ੍ਹ ਵਿਖੇ ਬੂਥ ਨੰਬਰ 109 ਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਆਪਣੇ ਪਤੀ ਹਰਮਨਦੇਵ ਸਿੰਘ ਬਾਜਵਾ ਨਾਲ ਵੋਟ ਪਾਉਣ ਜਾਂਦੇ ਹੋਏ। ਦੱਸਣਯੋਗ ਹੈ ਕਿ ਦਾਮਨ ਬਾਜਵਾ 2017 ਦੀ ਸੁਨਾਮ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਦੀ ਟਿਕਟ ਤੇ ਲੜੇ ਸਨ ਲੇਕਿਨ ਸਫ਼ਲ ਨਹੀਂ ਹੋ ਸਕੇ।
ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ ਤੇ ਬੀਬੀ ਬਲਜੀਤ ਕੌਰ ਘੁੰਨਸ ਪਿੰਡ ਘੁੰਨਸਾਂ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਉਪਰੰਤ
ਸ. ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਪਹਿਲੀ ਵੋਟ ਪਾਕੇ ਆਦੇ ਹੋਏ