CWG 2022: CM ਮਾਨ ਨੇ ਹਰਜਿੰਦਰ ਕੌਰ ਨੂੰ ਦਿੱਤੀ ਵਧਾਈ, 40 ਲੱਖ ਇਨਾਮ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ(Bhagwant Mann) ਨੇ ਰਾਸ਼ਟਰਮੰਡਲ ਖੇਡਾਂ (CWG 2022) ਵਿੱਚ ਬ੍ਰੌਂਜ਼ ਮੈਡਲ ਜਿੱਤਣ ਲਈ ਵੇਟਲਿਫਟਰ ਹਰਜਿੰਦਰ ਕੌਰ (Harjinder Kaur) ਨੂੰ ਵਧਾਈ ਦਿੱਤੀ। ਹਰਜਿੰਦਰ ਕੌਰ ਨੇ ਕੁੱਲ 212 ਕਿਲੋ ਭਾਰ ਚੁੱਕ ਕੇ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ।
ਸੀਐਮ ਮਾਨ ਨੇ ਟਵੀਟ ਕਰ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਸੀਐਮ ਨੇ ਲਿਖਿਆ ਕਿ,” ਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ
ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਜਿੰਦਰ ਕੌਰ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ। ਹਾਲਾਂਕਿ, ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਵੇਟਲਿਫਟਿੰਗ ਵਿੱਚ ਇਹ 7ਵਾਂ ਤਮਗਾ ਹੈ। ਇਸ ਤੋਂ ਇਲਾਵਾ ਜੂਡੋ ਵਿੱਚ 2 ਮੈਡਲ ਪ੍ਰਾਪਤ ਕੀਤੇ ਹਨ। ਭਾਰਤ ਨੇ ਹੁਣ ਤੱਕ 3 ਸੋਨ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਲਾਅਨ ਬਾਲ ਅਤੇ ਬੈਡਮਿੰਟਨ ਵਿੱਚ ਭਾਰਤ ਦੇ 2 ਮੈਡਲ ਪੱਕੇ ਹੋ ਗਏ ਹਨ।
ਹਾਲਾਂਕਿ ਸਨੈਚ ਵਿੱਚ ਹਰਜਿੰਦਰ ਕੌਰ ਪਹਿਲਾ 90 ਕਿਲੋ ਭਾਰ ਨਹੀਂ ਚੁੱਕ ਸਕੀ। ਉਸਨੇ ਦੂਜੀ ਕੋਸ਼ਿਸ਼ ਵਿੱਚ 90 ਕਿਲੋ ਅਤੇ ਤੀਜੀ ਕੋਸ਼ਿਸ਼ ਵਿੱਚ 93 ਕਿਲੋ ਭਾਰ ਚੁੱਕਿਆ। ਹਾਲਾਂਕਿ ਉਸ ਨੇ ਕਲੀਨ ਐਂਡ ਜਰਕ ‘ਚ ਕੋਈ ਗਲਤੀ ਨਹੀਂ ਕੀਤੀ। ਉਸਨੇ ਪਹਿਲੀ ਕੋਸ਼ਿਸ਼ ਵਿੱਚ 113 ਕਿਲੋ, ਦੂਜੀ ਕੋਸ਼ਿਸ਼ ਵਿੱਚ 116 ਅਤੇ ਆਖਰੀ ਕੋਸ਼ਿਸ਼ ਵਿੱਚ 119 ਕਿਲੋ ਭਾਰ ਚੁੱਕਿਆ। ਇੰਗਲੈਂਡ ਦੀ ਸਾਰਾਹ ਡੇਵਿਸ ਨੇ ਸੋਨ ਤਗਮਾ ਅਤੇ ਕੈਨੇਡਾ ਦੀ ਅਲੈਕਸਿਸ ਐਸਵਰਥ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਜੂਡੋ ਵਿੱਚ 2 ਮੈਡਲ ਕੀਤੇ ਪ੍ਰਾਪਤ
ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੂੰ ਜੂਡੋ ਵਿੱਚ 2 ਤਗਮੇ ਮਿਲੇ ਸਨ। ਐਲ ਸੁਸ਼ੀਲਾ ਦੇਵੀ ਅਤੇ ਵਿਜੇ ਕੁਮਾਰ ਯਾਦਵ ਨੇ ਕ੍ਰਮਵਾਰ ਔਰਤਾਂ ਦੇ 48 ਕਿਲੋ ਅਤੇ ਪੁਰਸ਼ਾਂ ਦੇ 60 ਕਿਲੋ ਵਰਗ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਫਾਈਨਲ ‘ਚ ਸੁਸ਼ੀਲਾ ਨੂੰ ਦੱਖਣੀ ਅਫਰੀਕਾ ਦੀ ਮਾਈਕਲ ਵੇਟਬੁਈ ਨੇ 4.25 ਮਿੰਟ ‘ਚ ਹਰਾਇਆ। ਇਸ ਦੇ ਨਾਲ ਹੀ ਵਿਜੇ ਨੇ ਇਪੋਨ ਤੋਂ ਅੰਕ ਇਕੱਠੇ ਕਰਕੇ ਸਾਈਪ੍ਰਸ ਦੇ ਪੈਟਰੋਸ ਕ੍ਰਿਸਟੋਡੋਲੀਡਜ਼ ਨੂੰ ਹਰਾਇਆ।