ਡੀਸੀ ਨੇ ਫਕਰਸਰ ਵਿਖੇ ਲੋਕਾਂ ਦੀ ਮੁਸ਼ਕਲਾਂ ਸੁਣੀਆਂ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਤੁਹਾਡੇ ਦੁਆਰ ਤਹਿਤ ਜ਼ਿਲ੍ਹੇ ਦੇ ਪੇਂਡੂ ਏਰੀਏ ‘ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਡਾ. ਰੁਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਗਿੱਦੜਬਾਹਾ ਬਲਾਕ ਦੇ ਪਿੰਡ ਫਕਰਸਰ ਵਿਖੇ ਸੁਵਿਧਾ ਕੈਂਪ ਲਾਇਆ ਗਿਆ।
ਇਸ ਕੈਂਪ ‘ਚ ਪਿੰਡ ਥੇਹੜੀ ਅਤੇ ਘੱਗਾ ਦੇ ਵਸਨੀਕਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ ਗਈਆਂ। ਇਸ ਸੁਵਿਧਾ ਕੈਂਪ ‘ਚ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਵਸਨੀਕਾਂ ਦੀਆ ਬਿਜਲੀ, ਪਾਣੀ, ਪੈਨਸ਼ਨਾਂ, ਡਾਕਟਰੀ ਸਹੂਲਤਾਂ, ਅਯੁਸ਼ਮਾਨ ਬੀਮਾਂ ਯੋਜਨਾ, ਲਾਭਪਾਤਰੀ ਨਾਲ ਸਬੰਧਿਤ ਮੁਸ਼ਕਲਾਂ ਨੂੰ ਸੁਣਿਆ ਅਤੇ ਸਬੰਧਿਤ ਵਿਭਾਗਾਂ ਨੂੰ ਇਨ੍ਹਾ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਨ ਲਈ ਹੁਕਮ ਦਿੱਤੇ।
ਉਨ੍ਹਾਂ ਆਪਣੇ ਇਸ ਦੌਰੇ ਦੌਰਾਨ ਇਹ ਵੀ ਐਲਾਨ ਕੀਤਾ ਕਿ ਜਿਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੂੰ ਅਰਜ਼ੀ ਦਿੱਤੀ ਗਈ ਹੈ, ਇਸ ਅਰਜੀ ‘ਤੇ ਕੀਤੀ ਗਈ ਕਾਰਵਾਈ ਸਬੰਧਿਤ ਵਿਭਾਗ ਅਤੇ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਸੂਚਿਤ ਕਰ ਦਿੱਤਾ ਜਾਵੇਗਾ।
ਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਦੇ ਪਿੰਡਾਂ ਲਈ ਪੋ੍ਗਰਾਮ ਉਲੀਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਅਫਸਰ ਸਹਿਬਾਨਾਂ ਵੱਲੋਂ ਖੁਦ ਮੌਕੇ ਤੇ ਪਿੰਡ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਨ੍ਹਾਂ ਦੱਸਿਆ ਕਿ ਉਲੀਕੇ ਗਏ ਪੋ੍ਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਖੁਦ 17 ਅਗਸਤ ਨੂੰ ਫੱਤਾ ਕੇਰਾ ਵਿਖੇ ਹਾਕੂਵਾਲਾ ਅਤੇ ਵੜਿੰਗ ਖੇੜਾ, 24 ਅਗਸਤ ਨੂੰ ਬੁੱਟਰ ਬਖੂਹਾ
ਵਿਖੇ ਪਿੰਡ ਬਬਾਣੀਆਂ ਅਤੇ ਮਧੀਰ ਅਤੇ 31 ਅਗਸਤ ਨੂੰ ਪਿੰਡ ਹਰਾਜ ਵਿਖੇ ਕੋਟਲੀ ਸੰਘਰ ਅਤੇ ਖੋਖਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਸੁਵਿਧਾ ਕੈਂਪ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਕੌਰ ਸਿੰਘ ਸਰਪੰਚ, ਸੁਖਰਾਜ ਸਿੰਘ, ਛੈਮਬਰ ਸਿੰਘ, ਲਖਵਿੰਦਰ ਸਿੰਘ, ਗੋਰਾ ਸਿੰਘ, ਨਛੱਤਰ ਸਿੰਘ, ਗੁਰਸੇਵਕ ਸਿੰਘ ਅਤੇ ਬੀਰਾ ਸਿੰਘ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।