ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਪੁੱਜੀਆਂ ਸ੍ਰੀ ਮੁਕਤਸਰ ਸਾਹਿਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗੌਰਵਸ਼ਾਲੀ ਵਿਰਸੇ ਅਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀਆਂ। ਇੱਥੇ ਪਹੁੰਚਣ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਇਨਾਂ੍ਹ ਦਾ ਸਵਾਗਤ ਕੀਤਾ ਅਤੇ ਝੰਡੀ ਵਿਖਾ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ ਅਤੇ ਇੱਥੋਂ ਦੇ ਮਹਾਨ ਸ਼ਹੀਦਾਂ ਦੇ ਆਜ਼ਾਦੀ ਸੰਗਰਾਮ ‘ਚ ਯੋਗਦਾਨ ਨੂੰ ਦਰਸਾਉਂਦੀਆਂ ਇਹ ਝਾਕੀਆਂ ਤਿਆਰ ਕਰਵਾਈਆਂ ਗਈਆਂ ਹਨ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਇਨ੍ਹਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ ਇਕ ਝਾਕੀ ਮਾਈ ਭਾਗੋ ਦੀ ਹੈ ਜੋ ਕਿ ਨਾਰੀ ਸਸ਼ਕਤੀਕਰਨ ਤੇ ਅਧਾਰਿਤ ਹੈ। ਉਨ੍ਹਾਂ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਮੁਗਲਾਂ ਖ਼ਿਲਾਫ਼ ਲੜਾਈ ਲੜੀ ਸੀ ਇਸ ਕਰਕੇ ਮਾਈ ਭਾਗੋ ਜੀ ਦਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧ ਜੁੜਦਾ ਹੋਣ ਕਰਕੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਮਾਈ ਭਾਗੋ ਦੀ ਝਾਕੀ ਵੀ ਇਨ੍ਹਾਂ ਤਿੰਨ ਝਾਕੀਆਂ ‘ਚ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗੋਂ ਇਹ ਝਾਕੀਆਂ ਗਿੱਦੜਬਾਹਾ ਅਤੇ ਮਲੋਟ ਹੁੰਦੇ ਹੋਏ ਫਾਜ਼ਲਿਕਾ ਜ਼ਿਲ੍ਹੇ ਵੱਲ ਜਾਣਗੀਆਂ। ਇਸ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਇਨ੍ਹਾਂ ਝਾਕੀਆਂ ਨੂੰ ਵੇਖਿਆ ਅਤੇ ਪੰਜਾਬ ਸਰਕਾਰ ਦੇ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕਰਦੇ ਵਿਖਾਈ ਦਿੱਤੇ। ਲੋਕਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਬਾਰੇ ਜਾਗਰੂਕਤਾ ਵੱਧਦੀ ਹੈ। ਇਸ ਮੌਕੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਿਢੱਲੋਂ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।