ਰਾਜਾ ਵੜਿੰਗ ਵੱਲੋਂ ਲਾਏ ਦੋਸ਼ਾਂ ਨੂੰ ਡਿੰਪੀ ਢਿੱਲੋਂ ਨੇ ਦੱਸਿਆ ਬੇਬੁਨਿਆਦ, ਕਿਹਾ- AAP ਨੇ ਰਾਜਨੀਤਿਕ ਅਸਰ-ਰਸੂਖ ਦਾ ਨਹੀਂ ਕੀਤਾ ਪ੍ਰਯੋਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕੇ ਅੰਦਰ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਤੇ ਪੰਚਾਂ ਦੇ ਨਾਮਜ਼ਦਗੀ ਫਾਰਮ ਰੱਦ ਕੀਤੇ ਜਾਣ ਦੇ ਦੋਸ਼ ਲਗਾਉਣ ਤੋਂ ਬਾਅਦ ਅੱਜ ਆਪ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ।
ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਚਾਇਤ ਚੋਣਾਂ ਲਈ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ ਅਸਰ-ਰਸੂਖ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਅਤੇ ਜਿੱਥੋਂ ਤੱਕ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਦੇ ਦੋਸ਼ ਹਨ, ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਕਿਉਂਕਿ ਜਿੰਨਾਂ ਲਗਪਗ 29 ਪਿੰਡਾਂ ਵਿਚ ਨਾਮਜ਼ਦਗੀਆਂ ਰੱਦ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚੋਂ ਕਰੀਬ 10-11 ਪਿੰਡਾਂ ਵਿਚ ਪੰਚਾਇਤ ਲਈ ਸਰਬਸੰਮਤੀ ਹੋਈ ਹੈ ਅਤੇ ਕਈ ਪਿੰਡਾਂ ਵਿਚ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲਈਆ ਗਈਆਂ ਹਨ।
ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਵਾਪਸ ਲੈਣ ਵਾਲਿਆਂ ਵਿਚ ਕੇਵਲ ਕਾਂਗਰਸੀ, ਅਕਾਲੀ ਅਤੇ ਭਾਜਪਾ ਦੇ ਉਮੀਦਵਾਰ ਨਹੀਂ ਹਨ ਸਗੋਂ ਇੰਨ੍ਹਾਂ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰ ਵੀ ਸਨ, ਜਿੰਨ੍ਹਾਂ ਵੱਲੋਂ ਆਪਣੀ ਮਰਜ਼ੀ ਨਾਲ ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਦੇ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ ਹਨ, ਤਾਂ ਸੰਬੰਧਤ ਉਮੀਦਵਾਰ ਮਾਨਯੋਗ ਸੁਪਰੀਮ ਕੋਰਟ ਜਾਂ ਹਾਈਕੋਰਟ ਵਿਚ ਕੇਸ ਦਾਇਰ ਕਰ ਸਕਦਾ ਹੈ। ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਨਾਮ ਲਏ ਬਿਨਾਂ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਤਿੱਤਲੀਆਂ ਕਹਿਣ ਦੇ ਮਾਮਲੇ ਵਿਚ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਕਿਸੇ ਲਾਲਚ ਵਜੋਂ ਨਹੀਂ ਸਗੋਂ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਉਹ ਪਾਰਟੀ ਦੇ ਬਹੁਤ ਹੀ ਮਾਮੂਲੀ ਜਿਹੇ ਵਰਕਰ ਹਨ ਜੋ ਕੇਵਲ ਗਿੱਦੜਬਾਹਾ ਹਲਕੇ ਦਾ ਵਿਕਾਸ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਜ਼ਿਮਨੀ ਚੋਣ ਦੌਰਾਨ ਮੇਰੇ ਤੋਂ ਬਿਨਾਂ ਕਿਸੇ ਵੀ ਹੋਰ ਵਿਅਕਤੀ ਨੂੰ ਟਿਕਟ ਦਿੰਦੀ ਹੈ, ਤਾਂ ਡਿੰਪੀ ਢਿੱਲੋਂ ਅੱਗੇ ਹੋ ਕੇ ਉਮੀਦਵਾਰ ਦੇ ਨਾਲ ਚੱਲਣਗੇ ਅਤੇ ਉਸਦੀ ਮਦਦ ਕਰਨਗੇ। ਉਨ੍ਹਾਂ ਹਲਕੇ ਦੇ ਇਕ ਵੱਡੇ ਆਪ ਆਗੂ ਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਪੰਚਾਇਤ ਚੋਣ ਲੜਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਵੱਲੋਂ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਇੰਨ੍ਹਾਂ ਦਾ ਮਿਲੀਭੁਗਤ ਦਾ ਪਰਦਾਫਾਸ਼ ਹੋ ਗਿਆ ਹੈ, ਜਿਸ ਕਾਰਨ ਮੇਰੇ ਤੇ ਪੰਚਾਇਤ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਇਸ ਮੌਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਨਵੇਂ ਬਣੇ ਹੁਕਮਰਾਨ ਕਹਿਣ ਤੇ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਨਵੇਂ ਹੁਕਮਰਾਨ ਨਹੀਂ ਹਨ, ਮਨਪ੍ਰੀਤ ਬਾਦਲ ਨੇ ਜਿੱਥੇ 1995 ਵਿਚ ਸਿਆਸਤ ਉਨ੍ਹਾਂ ਦੇ ਘਰ ਤੋਂ ਸ਼ੁਰੂ ਕੀਤੀ ਸੀ ਉਥੇ ਹੀ ਉਨ੍ਹਾਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 1989 ਵਿਚ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਸਰਕਾਰਾਂ ਵਿਚ ਰਹਿ ਕੇ ਬਹੁਤ ਪਾਵਰ ਦੇਖੀ ਹੈ ਪਰੰਤੂ ਇਸ ਦੌਰਾਨ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕੀਤਾ।