ਨਾਮਜ਼ਦਗੀ ਰੱਦ ਕਰਨ ਦਾ ਮਾਮਲਾ ਹਾਈਕੋਰਟ ‘ਚ ਲੈ ਕੇ ਜਾਵਾਂਗੇ : ਸੁਖਬੀਰ ਬਾਦਲ
ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ ’ਚ ਪਹਿਲੀ ਵਾਰ ਦੇਖਿਆ ਹੈ ਕਿ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਵੀ ਨਾਮਜ਼ਦਗੀਆਂ ਰੱਦ ਹੋਈਆਂ ਹਨ।
ਸੁਖਬੀਰ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਨਾਮ ਲਏ ਬਿਨਾਂ ਕਿਹਾ ਕਿ ਗਿੱਦੜਬਾਹਾ ਜ਼ਿਮਨੀ ਚੋਣ ’ਚ ਨਵੇਂ ਬਣੇ ਝਾੜੂ ਵਾਲੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ, ਗਿੱਦੜਬਾਹਾ ਦੇ ਬਹੁਤੇ ਪਿੰਡਾਂ ’ਚ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਸਮੁੱਚਾ ਗਿੱਦੜਬਾਹਾ ਹੜਤਾਲ ’ਤੇ ਬੈਠ ਗਿਆ ਹੈ। ਸੁਖਬੀਰ ਬਾਦਲ ਪੰਚਾਇਤੀ ਚੋਣਾਂ ’ਚ ਜ਼ਿਲ੍ਹਾ ਮੁਕਤਸਰ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ’ਚ ਸਰਪੰਚ ਦੇ ਅਹੁਦੇ ਦੇ ਦਾਅਵੇਦਾਰ ਬਣੇ ਵਿਰੋਧੀ ਪਾਰਟੀ ਦੇ ਆਗੂਆਂ ਦੀਆਂ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ ’ਚ ਸ਼ੋੋ੍ਮਣੀ ਅਕਾਲੀ ਦਲ ਪਾਰਟੀ ਵੱਲੋਂ ਮੁਕਤਸਰ ਦੇ ਡੀਸੀ ਦਫ਼ਤਰ ਅੱਗੇ ਦਿੱਤੇ ਧਰਨੇ ’ਚ ਸ਼ਾਮਲ ਹੋਏ ਸਨ।
ਸੁਖਬੀਰ ਨੇ ਕਿਹਾ ਕਿ ਹੁਣ ਤਾਂ ਨਾਮਜ਼ਦਗੀਆਂ ਰੱਦ ਕਰਵਾ ਦਿੱਤੀਆਂ, ਪਰ ਉਹ ਜ਼ਿਮਨੀ ਚੋਣ ’ਚ ਨਾਮਜ਼ਦਗੀਆਂ ਰੱਦ ਨਹੀਂ ਕਰਵਾ ਸਕਣਗੇ। ਗਿੱਦੜਬਾਹਾ ਜ਼ਿਮਨੀ ਚੋਣ ਡੇਢ-ਦੋ ਮਹੀਨੇ ਬਾਅਦ ਆ ਜਾਵੇਗੀ। ਸੁਖਬੀਰ ਨੇ ਕਿਹਾ ਕਿ ਆਪ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ ਚ 10 ਅਕਤੂਬਰ ਵੀਰਵਾਰ ਨੂੰ ਸਵੇਰੇ 11 ਵਜੇ ਐੱਸਡੀਐੱਮ ਦਫ਼ਤਰ ਗਿੱਦੜਬਾਹਾ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਡੀਸੀ ਮੁਕਤਸਰ ਦੇ ਇਸ਼ਾਰੇ ’ਤੇ ਵਿਰੋਧੀ ਧਿਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ।
ਉਹ ਮਾਮਲੇ ਨੂੰ ਹਾਈ ਕੋਰਟ ’ਚ ਲੈ ਕੇ ਜਾਣਗੇ। ਅਫਸਰਾਂ ਨੂੰ ਅਦਾਲਤ ’ਚ ਵੀ ਘਸੀਟਿਆ ਜਾਵੇਗਾ। ਪੰਚਾਇਤੀ ਚੋਣਾਂ ਚ ‘ਆਪ’ ਜਿੰਨਾ ਮਰਜ਼ੀ ਧੱਕਾ ਕਰ ਲਵੇ ਪਰ ਉਪ-ਚੋਣਾਂ ਚ ਬੁਰੀ ਤਰ੍ਹਾਂ ਹਾਰੇਗੀ। ਉਨ੍ਹਾਂ ਕਿਹਾ ਕਿ ਬਦਲਾਅ ਨੇ ਪੰਜਾਬ ਦੀ ਹਾਲਤ ਬਦਤਰ ਕਰ ਦਿੱਤੀ ਹੈ। ਨੌਜਵਾਨ ਵਿਦੇਸ਼ ਜਾ ਰਹੇ ਹਨ। ਵਪਾਰੀਆਂ ਸਮੇਤ ਹੋਰ ਵਰਗਾਂ ਦੇ ਲੋਕ ਦੁਖੀ ਹਨ। ਸੁਖਬੀਰ ਨੇ ਕਿਹਾ ਕਿ ਸਹੀ ਅਰਥਾਂ ਚ ਭਗਵੰਤ ਮਾਨ ਮੁੱਖ ਮੰਤਰੀ ਹੀ ਨਹੀਂ ਹਨ। ਕੇਜਰੀਵਾਲ ਦਿੱਲੀ ਤੋਂ ਸਰਕਾਰ ਚਲਾ ਰਹੇ ਹਨ। ਭਗਵੰਤ ਮਾਨ ਆਪਣੀ ਮਰਜ਼ੀ ਅਨੁਸਾਰ ਆਪਣੇ ਦਫ਼ਤਰ ਦਾ ਸਟਾਫ਼ ਵੀ ਨਹੀਂ ਲਗਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਨਹੀਂ ਕੀਤਾ।
ਜਦੋਂ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਅਣਗਿਣਤ ਵਿਕਾਸ ਕਾਰਜ ਕਰਵਾਏ ਹਨ। ਇਸਤੋਂ ਇਲਾਵਾ ਟਿਊਬਵੈੱਲ ਲਗਾਏ ਗਏ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ। ਪਰ ਅਸੀਂ ਬਦਲਾਅ ਦਾ ਸ਼ਿਕਾਰ ਹੋ ਗਏ ਅਤੇ ਅੱਜ ਸਥਿਤੀ ਤੁਹਾਡੇ ਸਾਹਮਣੇ ਹੈ। ਆਪ ਸਰਕਾਰ ਦੀ ਧੱਕੇਸ਼ਾਹੀ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਆਪ ਗਿੱਦੜਬਾਹਾ ਦੀ ਉਪ ਚੋਣ ਹਾਰ ਰਹੀ ਹੈ।
ਪੰਚਾਇਤੀ ਚੋਣਾਂ ’ਚ ਧੱਕਾ ਕਰਕੇ ਬਣਾਏ ਗਏ ਸਰਪੰਚ ਹੀ ਉਨ੍ਹਾਂ ਦੀ ਹਾਰ ਦਾ ਕਾਰਨ ਬਣੇਗਾ, ਕਿਉਂਕਿ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਸਰਪੰਚ ਨਹੀਂ ਸਵੀਕਾਰ ਕਰਨਗੇ। ਇਸ ਮੌਕੇ ਧਰਨੇ ’ਚ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ, ਜ਼ਿਲ੍ਹਾ ਪ੍ਰਧਾਨ ਦਿਹਾਤੀ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਤੋਂ ਵੱਡੀ ਗਿਣਤੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।