ਅਨਾਜ ਮੰਡੀਆਂ ’ਚ ਕਣਕ ਖਰੀਦਣ ਲਈ ਪ੍ਰਬੰਧ ਮੁਕੰਮਲ : ਡੀਸੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਖਰੀਦਣ ਦੇ ਉਚੇਚੇ ਪ੍ਰਬੰਧ ਕਰਨ ਲਈ ਅਭਿਜੀਤ ਕਪਲਿਸ਼ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀਆਂ, ਕੱਚਾ ਆੜਤੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ’ਚ ਕਣਕ ਦੀ ਫਸਲ ਖਰੀਦਣ ਲਈ ਮਾਰਕੀਟ ਕਮੇਟੀਆਂ ਵੱਲੋਂ ਪੀਣ ਵਾਲਾ ਸਾਫ ਸੁਥਰਾ ਪਾਣੀ, ਸਾਫ ਸਫਾਈ, ਟੁਆਈਲਟ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਕਣਕ ਦੇ ਖਰੀਦ ਸੀਜਣ ਦੌਰਾਨ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਜਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਜਿਲ੍ਹੇ ’ਚ ਕਣਕ ਦੀ ਖਰੀਦ ਲਈ ਬਾਰਦਾਨੇ ਦੀ ਕੋਈ ਕਮੀ ਨਹੀਂ ਆਵੇਗੀ। ਇਸਤੋਂ ਇਲਾਵਾ ਲੇਬਰ ਅਤੇ ਟਰਾਂਸਪੋਰਟ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਅਜੈਪਾਲ ਸਿੰਘ ਬਰਾੜ ਜ਼ਿਲ੍ਹਾ ਮੰਡੀ ਅਫ਼ਸਰ ਨੇ ਕਿਸਾਨ ਨੂੰ ਅਪੀਲ ਕੀਤੀ ਕਿ ਅਨਾਜ ਮੰਡੀਆਂ ਵਿਚ ਕਣਕ ਸਾਫ ਸੁਥਰੀ ਅਤੇ ਸੁੱਕੀ ਲੈ ਕੇ ਆਉਣ ਤਾਂ ਜੋ ਉਹਨਾ ਨੂੰ ਅਪਣੀ ਫਸਲ ਵੇਚਣ ਸਬੰਧੀ ਕੋਈ ਪ੍ਰੇਸਾਨੀ ਪੇਸ਼ ਨਾ ਆਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਅਮਲੇ ਨੂੰ ਸਖਤ ਹਦਾਇਤ ਕੀਤੀ ਕਿ ਕਣਕ ਦੇ ਖਰੀਦ ਸੀਜ਼ਣ ਦੌਰਾਨ ਆਪਸੀ ਤਾਲਮੇਲ ਰੱਖਿਆ ਜਾਵੇ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਕੇਵਲ ਕ੍ਰਿਸ਼ਨ ਪ੍ਰਧਾਨ ਨਗਰ ਪੰਚਾਇਤ ਬਰੀਵਾਲਾ, ਅਸ਼ੋਕ ਜੈਨ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਗਿੱਦੜਬਾਹਾ, ਸੁਰੇਸ਼ ਗੋਇਲ ਆੜਤੀਆਂ ਐਸੋਸੀਏਸ਼ਨ ਮਲੋਟ, ਜਗਸੀਰ ਕੁਮਾਰ ਚਰਨਾ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਬਰੀਵਾਲਾ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।